info@kuksamachar.com Fortnightly Issue No. 116 New Zealand 16 July 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 





ਇੰਡੀਆ ਖਬਰਾਂ
ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ - ਮਜੀਠੀਆ
ਲੁਧਿਆਣਾ - ਪੰਜਾਬ ਦੇ ਲੋਕ ਸੰਪਰਕ ਤੇ ਵਾਤਾਵਰਨ ਬਾਰੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਪ੍ਰਮਾਣੁ ਕਰਾਰ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦੇ ਸਿੱਖ ਹੋਣ ਦੀ ਗੱਲ ਕਰਦੇ ਹੋਏ ਯੂ.ਪੀ.ਏ. ਸਰਕਾਰ ਦਾ ਸਾਥ ਦੇਣ ਦੀਆਂ ਗੱਲਾਂ ਕਰ ਰਹੀਆਂ ਹਨ, ਉਹ ਗੱਲਾਂ ਦਾ ਕੋਈ ਮਤਲਬ ਨਹੀਂ ਹੈ। ਵੈਸੇ ਵੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਿੱਖ ਹੋ ਕੇ ਵੀ ਪੰਜਾਬ ਅਤੇ ਕੌਮ ਲਈ ਕੁੱਝ ਵੀ ਤਾਂ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ. ਦੇ ਰਾਜ ਵਿੱਚ ਲੱਕ-ਤੋੜਵੀਂ ਮਹਿੰਗਾਈ ਨਾਲ ਆਮ ਅਤੇ ਗਰੀਬ ਲੋਕ ਬੁਰੀ ਤਰ੍ਹਾਂ ਦੱਬੇ-ਕੁਚਲੇ ਜਾ ਰਹੇ ਹਨ। ਉਨ੍ਹਾਂ ਉਲਟਾ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਹਰ ਪੱਖ ਤੋਂ ਬੁਰੀ ਤਰ੍ਹਾਂ ਫ਼ੇਲ੍ਹ ਹੋਣ ਕਾਰਣ ਅਸਤੀਫ਼ਾ ਦੇ ਕੇ ਪ੍ਰਮਾਣੁ ਮੁੱਦੇ ਦੇ ਵਿਸ਼ੇ ’ਤੇ ਚੋਣ ਲੜ ਕੇ ਲੋਕ ਰਾਏ ਹਾਸਲ ਕਰਨੀ ਚਾਹੀਦੀ ਹੈ। ਮਜੀਠੀਆ ਇਥੇ ਆਲ ਇੰਡੀਆ ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬਰੀ ਸਿੰਘ ਬਾਦਲੇ ਦੇ 47ਵੇਂ ਜਨਮ ਦਿਵਸ ਨੂੰ ਸਮਰਪਿਤ 51000 ਯੂਨਿਟ ਖੂਨ ਇਕੱਠਾ ਕਰਨ ਦੀ ਮੁਹਿੰਮ ਦੀ ਲੁਧਿਆਣਾ ਤੋਂ ਸ਼ੁਰੂਆਤ ਕਰਨ ਆਏ ਸਨ। ਜ਼ਿਲ੍ਹਾ ਯੂਥ ਅਕਾਲੀ ਦਲ ਵੱਲੋਂ ਲਾਏ ਗਏ ਇਸ ਖੂਨ ਦਾਨ ਕੈਂਪ ਵਿੱਚ ਮਜੀਠੀਆ ਨੇ ਖੁਦ ਖੂਨ ਦਾਨ ਕਰਕੇ ਇਸ ਮੁਹਿੰਮ ਦਾ ਉਦਘਾਟਨ ਕੀਤਾ।

ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਦੇ ਵਿਕਾਸ ਕੰਮਾਂ ਲਈ ਰਾਹ ਪੱਧਰਾ
ਚੰਡੀਗੜ - ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 2 ਜੁਲਾਈ ਦਿਨ ਬੁੱਧਵਾਰ ਨੂੰ ਉੱਚ ਪੱਧਰੀ ਮੀਟਿੰਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰੂਤਾ ਗੱਦੀ ਦਿਵਸ ਨਾਲ ਸਬੰਧੀ ਪੰਜਾਬ ਵਿੱਚਲੇ ਸਿੱਖਾਂ ਦੇ ਦੋ ਪਵਿੱਤਰ ਸ਼ਹਿਰਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨਵੀਨੀਕਰਨ ਦੇ ਲਈ ਕੇਂਦਰ ਸਰਕਾਰ ਵੱਲੋਂ 200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮੰਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਲੋੜੀਂਦੀ ਰਾਸ਼ੀ ਜਾਰੀ ਕਰਨ ਲਈ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ। ਮੀਟਿੰਗ ਵਿੱਚ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਪ੍ਰਾਜੈਕਟਾਂ ਦੀਆਂ ਸਕੀਮਾਂ ਨੂੰ ਅੰਤਿਮ ਰੂਪ ਦੇਣ ਲਈ ਮੁੱਖ ਮੰਤਰੀ ਬਾਦਲ ਨੇ ਉਨ੍ਹਾਂ ਸਾਰੇ ਸੰਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਇਹ ਹਦਾਇਤਾ ਦਿੱਤੀਆਂ ਕਿ ਉਹ ਇਨ੍ਹਾਂ ਸਾਰੇ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਚੰਗੀ ਤਰ੍ਹਾਂ ਇਨ੍ਹਾਂ ਦੀ ਨਿਗਰਾਨੀ ਕਰਨ।

ਨੰਗਲ ਤੋਂ ਨਵੀਂ ਦਿੱਲੀ ਵਿਚਾਲੇ ਨਵੀਂ ਰੇਲਗੱਡੀ ਸ਼ੁਰੂ ਹੋਈ
ਨੰਗਲ - 3 ਜੁਲਾਈ ਨੂੰ ਨੰਗਲ-ਨਵੀਂ ਦਿੱਲੀ ਵਿਚਾਲੇ ਜਨ-ਸ਼ਤਾਬਦੀ ਐਕਸਪ੍ਰੈਸ ਸ਼ੁਰੂ ਹੋ ਗਈ ਹੈ। ਇਸ ਜਨ-ਸ਼ਤਾਬਦੀ ਐਕਸਪ੍ਰੈਸ (ਟਰੇਨ ਨੰ: 2058) ਨੂੰ ਸਾਂਸਦ ਅਵਿਨਾਸ਼ ਰਾਏ ਖੰਨਾ ਨੇ ਨੰਗਲ ਸਟੇਸ਼ਨ ਤੋਂ ਢੋਲ-ਢੱਮਕਿਆਂ ਦੀ ਅਵਾਜ਼ ਵਿੱਚ ਸਵੇਰੇ 5 ਵਜੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਅਕਾਲੀ-ਭਾਜਪਾ ਵਰਕਰਾਂ ਨੇ ਯਾਤਰੀਆਂ ਨੂੰ ਲੱਡੂ ਵੰਡੇ। ਸਟੇਸ਼ਨ ਸੁਪਰਡੈਂਟ ਸ੍ਰੀ ਡੀ. ਡੀ. ਛਿੱਬੜ ਅਤੇ ਸਟੇਸ਼ਨ ਮਾਸਟਰ ਸ੍ਰੀ ਰਾਜ ਕੁਮਾਰ ਅਵਸਥੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੇਲ ਬਰਾਸਤਾ ਚੰਡੀਗੜ੍ਹ- ਅੰਬਾਲਾ- ਪਾਣੀਪਤ ਹੋ ਕੇ ਦੁਪਹਿਰ 12 ਵਜੇ ਨਵੀਂ ਦਿੱਲੀ ਪਹੁੰਚੇਗੀ। ਵਾਪਸੀ ਸਮੇਂ ਇਸ ਰੇਲ ਦਾ ਨੰ: 2057 ਹੋਵੇਗਾ ਅਤੇ ਇਹ ਨਵੀਂ ਦਿੱਲੀ ਤੋਂ ਦੁਪਹਿਰੇ 3 ਵਜੇ ਚੱਲ ਕੇ ਰਾਤੀਂ 9.40 ਵਜੇ ਨੰਗਲ ਪਹੁੰਚੇਗੀ। ਇਸ ਰੇਲਗੱਡੀ ਵਿਚ 9 ਆਮ ਡੱਬੇ ਅਤੇ 4 ਏ. ਸੀ. ਡੱਬੇ ਹਨ। ਨੰਗਲ ਤੋਂ ਨਵੀਂ ਦਿੱਲੀ ਲਈ ਸਾਧਾਰਨ ਚੇਅਰ ਕਾਰ ਦਾ ਕਿਰਾਇਆ 132 ਰੁ: ਅਤੇ ਏ. ਸੀ. ਚੇਅਰ ਕਾਰ ਦਾ ਕਿਰਾਇਆ 435 ਰੁ: ਪ੍ਰਤੀ ਸਵਾਰੀ ਹੈ। ਇਸ ਜਨ-ਸ਼ਤਾਬਦੀ ਰੇਲਗੱਡੀ ਚੱਲਣ ਨਾਲ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਆਣ-ਜਾਣ ਵਾਲੇ ਯਾਤਰੀਆਂ ਨੂੰ ਕਾਫੀ ਫਾਇਦਾ ਹੋਵੇਗਾ।

ਕੇਂਦਰ ਅਤੇ ਸਮਾਜਵਾਦੀ ਪਾਰਟੀ ਦੇ ਕਹਿਣ ’ਤੇ ਸੀ. ਬੀ. ਆਈ ਕੰਮ ਕਰ ਰਹੀ ਹੈ - ਮਾਇਆਵਤੀ
ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੇ ਬਾਰੇ ਕਿਹਾ ਕਿ ਇਹ ਸਾਰੀਆਂ ਪਾਰਟੀਆਂ ਮੇਰੇ ਵਿਰੁੱਧ ਕੰਮ ਕਰ ਰਹੀਆਂ ਹਨ। ਮਾਇਆਵਤੀ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਹਾਲ ਦੀ ਘੜੀ ਪ੍ਰਮਾਣੁ ਮੁੱਦੇ ਨੂੰ ਲੈ ਕੇ ਪੈਦਾ ਹੋਏ ਹਾਲਾਤਾਂ ਨਾਲ ਸਮਾਜਵਾਦੀ ਪਾਰਟੀ ਦੇ ਕਹਿਣ ਤੇ ਸੀਬੀਆਈ ਪਾਸੋਂ ਉਨ੍ਹਾਂ ਨੂੰ ਤੰਗ ਅਤੇ ਪਰੇਸ਼ਾਨ ਕਰ ਰਹੀ ਹੈ।
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿੱਚ ਸੀ.ਬੀ.ਆਈ. ਦੇ ਤਾਜ਼ਾ ਹਲਫ਼ਨਾਮੇ ਤੋਂ ਦੁਖੀ ਮੁੱਖ ਮੰਤਰੀ ਮਾਇਆਵਤੀ ਨੇ ਕੇਂਦਰ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਉਸ ਨੂੰ ਕੱਟੜ ਵਿਰੋਧੀ ਸਮਾਜਵਾਦੀ ਪਾਰਟੀ ਦੇ ਕਹਿਣ ’ਤੇ ਨਿਸ਼ਾਨਾ ਬਣਾਇਆ ਗਿਆ ਪਰ ਉਨ੍ਹਾਂ 22 ਜੁਲਾਈ ਨੂੰ ਭਰੋਸੇ ਦੇ ਵੋਟ ਸਮੇਂ ਅਪਣੀ ਰਣਨੀਤੀ ਦੱਸਣ ਤੋਂ ਇਨਕਾਰ ਕੀਤਾ। ਮਾਇਆਵਤੀ ਨੇ ਕਿਹਾ ਕਿ ਸੀ.ਬੀ.ਆਈ. ਨੇ ਉਨ੍ਹਾਂ ਵਿਰੁਧ ਜੋ ਹਲਫ਼ਨਾਮਾ ਦਾਖ਼ਲ ਕੀਤਾ ਹੈ, ਉਸ ਬਾਰੇ ਉਨ੍ਹਾਂ ਦੇ ਵਕੀਲ ਨੂੰ ਦਸਿਆ ਹੀ ਨਹੀਂ ਗਿਆ ਪਰ ਮੀਡੀਆ ਨੂੰ ਇਸ ਬਾਰੇ ਪਹਿਲਾਂ ਦੱਸ ਦਿਤਾ ਗਿਆ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਕੇਂਦਰ ਦੇ ਇਸ਼ਾਰੇ ਉੱਤੇ ਕੰਮ ਕਰ ਰਹੀ ਹੈ। ਮਾਇਆਵਤੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਉਨ੍ਹਾਂ ਵਿਰੁਧ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਸੀ.ਬੀ.ਆਈ. ਨੂੰ ਉਨ੍ਹਾਂ ਵਿਰੁਧ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਦੀ ਉਨ੍ਹਾਂ ਵਿਰੁਧ ਕਾਰਵਾਈ ਸਮਾਜਵਾਦੀ ਪਾਰਟੀ ਦੇ ਕਾਂਗਰਸ ਨੂੰ ਹਮਾਇਤ ਦੇਣ ਦਾ ਨਤੀਜਾ ਹੈ। ਮਾਇਆਵਤੀ ਨੇ ਸੀ.ਬੀ.ਆਈ. ਦੇ ਡਾਇਰੈਕਟਰ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਸਵਾਲ ਉਠਾਇਆ ਕਿ ਸੀ.ਬੀ.ਆਈ. ਨੂੰ ਉਨ੍ਹਾਂ ਵਿਰੁਧ ਕਾਰਵਾਈ ਦੀ ਇੰਨੀ ਜਲਦੀ ਕੀ ਹੈ, ਜਦਕਿ ਉਨ੍ਹਾਂ ਕੋਲ ਪੰਜ ਸਾਲ ਤੋਂ ਕੇਸ ਲਟਕ ਰਿਹਾ ਹੈ। ਮਾਇਆਵਤੀ ਨੇ ਪਹਿਲਾਂ ਵੀ ਚਿੱਠੀ ਲਿਖ ਕੇ ਕਿਹਾ ਸੀ ਕਿ ਸੀ.ਬੀ.ਆਈ. ਮੁੱਖ ਮੰਤਰੀ ਵਿਰੁਧ ਕਾਰਵਾਈ ਨਹੀਂ ਕਰ ਸਕਦੀ ਪਰ ਸੀ.ਬੀ.ਆਈ. ਦਾ ਕਹਿਣਾ ਹੈ ਕਿ ਉਸ ਕੋਲ ਮਾਇਆਵਤੀ ਵਿਰੁਧ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਪੁਖ਼ਤਾ ਸਬੂਤ ਹਨ। ਮਾਇਆਵਤੀ ਨੇ ਕਿਹਾ ਕਿ ਬਸਪਾ ਦੀ ਕੱਟੜ ਵਿਰੋਧੀ ਸਮਾਜਵਾਦੀ ਪਾਰਟੀ ਦੇ ਕਹਿਣ ਉੱਤੇ ਕੇਂਦਰ ਨੇ ਉਸ ਨੂੰ ਨਿਸ਼ਾਨਾ ਬਣਾਇਆ। ਮੁੱਖ ਮੰਤਰੀ ਨੇ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਦੇ ਮੁਖੀ ਮੁਲਾਇਮ ਸਿੰਘ ਯਾਦਵ ਵਿਰੁਧ ਅਜਿਹਾ ਹੀ ਕੇਸ ਲਟਕਦਾ ਹੋਣ ਦੇ ਬਾਵਜੂਦ ਉਸ ਨਾਲ ਨਰਮੀ ਵਰਤਣ ਦਾ ਦੋਸ਼ ਲਗਾਇਆ।
ਮਾਇਆਵਤੀ ਨੇ ਕਿਹਾ, ‘‘ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ. ਨੂੰ ਕਿਸੇ ਭਰਮ ਵਿਚ ਨਹੀਂ ਰਹਿਣਾ ਚਾਹੀਦਾ ਕਿ ਅਸੀ ਉਨ੍ਹਾਂ ਦੀਆਂ ਧਮਕੀਆਂ ਤੋਂ ਡਰ ਜਾਵਾਂਗੇ ਅਤੇ ਉਨ੍ਹਾਂ ਦੇ ਦਬਾਅ ਹੇਠ ਆ ਜਾਵਾਂਗੇ।’’ ਮਾਇਆਵਤੀ ਨੇ ਡਾ. ਮਨਮੋਹਨ ਸਿੰਘ ਸਰਕਾਰ ਦੀ 22 ਜੁਲਾਈ ਨੂੰ ਸੰਸਦ ਵਿੱਚ ਹੋ ਰਹੀ ਅਜ਼ਮਾਇਸ਼ ਵੇਲੇ ਵੋਟ ਪਾਉਣ ਦੇ ਸਵਾਲਾਂ ਨੂੰ ਟਾਲ ਦਿਤਾ। ਮਾਇਆਵਤੀ ਨੇ ਇਨ੍ਹਾਂ ਦੋਵਾਂ ਪਾਰਟੀਆਂ ਦੇ ਨਾਲ ਭਾਜਪਾ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਭਾਜਪਾ ਵੀ ਅੰਦਰ ਖਾਤੇ ਮੇਰੇ ਵਿਰੁੱਧ ਹੈ। ਗੌਰਤਲਬ ਹੈ ਕਿ ਖੱਬੀਆਂ ਪਾਰਟੀਆਂ ਤੋਂ ਪਹਿਲਾਂ ਹੀ ਮਾਇਆਵਤੀ ਨੇ ਵਧਦੀ ਮਹਿੰਗਾਈ ਦਾ ਮੁੱਦਾ ਚੁੱਕ ਕੇ ਯੂਪੀਏ ਸਰਕਾਰ ਪਾਸੋਂ ਹਮਾਇਤ ਵਾਪਸ ਲੈ ਲਈ ਸੀ।

ਅਲ ਜਵਾਹਿਰੀ ਨੇ ਕੀਤਾ ਸੀ ਢਾਕਾ ਦਾ ਦੌਰਾ
ਨਵੀਂ ਦਿੱਲੀ - ਢਾਕਾ ਤੋਂ ਛਪਦੇ ਅਖ਼ਬਾਰ ‘ਆਮਾਦੇਰ ਸ਼ੋਮੋਯ’ ਵਿੱਚ ਛਪੀ ਖ਼ਬਰ ਦੇ ਮੁਤਾਬਕ ਦੋ ਸਾਲ ਪਹਿਲੇ ਅਲ ਕਾਇਦਾ ਦੇ ਵੱਡੇ ਆਗੂ ਅਏਮਾਨ ਅਲ ਜਵਾਹਿਰੀ ਨੇ ਆਪਣੇ ਸੰਗਠਨ ਦੇ ਲਗਭਗ 18 ਅਤਿਵਾਦੀਆਂ ਦੇ ਨਾਲ ਬੰਗਲਾਦੇਸ਼ ਦੀ ਯਾਤਰਾ ਕੀਤੀ ਸੀ। ਢਾਕਾ ਦੇ ਇਕ ਵਪਾਰੀ ਨੇ ਉਨ੍ਹਾਂ ਨੂੰ ਬੁਲਾਇਆ ਸੀ। ਢਾਕਾ ’ਚ ਇਕ ਪਾਕਿਸਤਾਨੀ ਰਾਜ ਨਾਇਕ ਨੇ ਇਸ ਵਪਾਰੀ ਅਤੇ ਅਲ ਕਾਇਦਾ ਵਿਚਾਲੇ ਮਿਲਣੀ ਕਰਵਾਉਣ ’ਚ ਯੋਗਦਾਨ ਪਾਇਆ ਸੀ। ਇਹ ਵਪਾਰੀ ਪਾਕਿ ਗਿਆ ਅਤੇ ਉਥੇ ਕਾਸਿਮ ਨਿਯੋਗੀ ਨਾਂ ਦੇ ਇਕ ਵਪਾਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਅਖ਼ਬਾਰ ਦੀ ਰਿਪੋਰਟ ਦੱਖਣੀ ਏਸ਼ੀਆਈ ਮਾਮਲਿਆਂ ਦੇ ਅਮਰੀਕੀ ਮਾਹਿਰ ਸੇਲਿਗ ਹੈਰੀਸਨ ਦੇ ‘ਲਾੱਸ ਏਂਜਲਸ ਟਾਈਮ’ ਅਖ਼ਬਾਰ ਵਿੱਚ ਛਪੇ ਲੇਖ ਤੋਂ ਬਾਅਦ ਆਈ ਹੈ। ਹੈਰੀਸਨ ਨੇ ਲਿਖਿਆ ਸੀ ਕਿ ਬੰਗਲਾਦੇਸ਼ ਵਿੱਚ ਅਤਿਵਾਦੀਆਂ ਦਾ ਜਾਲ ਫੈਲਦਾ ਜਾ ਰਿਹਾ ਹੈ। ਬੰਗਲਾਦੇਸ਼ ਦੇ ਜੰਗਲੀ ਇਲਾਕਿਆਂ ਵਿੱਚ ਅਤਿਵਾਦੀਆਂ ਦੇ ਅੱਡੇ ਬਣ ਰਹੇ ਹਨ। ਇਨ੍ਹੀਂ ਦਿਨੀਂ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਹੈਰੀਸਨ ਦੇ ਲੇਖ ਦੀ ਬਹੁਤ ਚਰਚਾ ਹੈ। ਕਈ ਦੇਸ਼ਾਂ ਦੇ ਅਖ਼ਬਾਰਾਂ ਨੇ ਇਸ ਨੂੰ ਧੰਨਵਾਦ ਸਾਹਿਤ ਛਾਪਿਆ ਹੈ।

ਈਰਾਨ ਉਪਰ ਫੌਜੀ ਕਾਰਵਾਈ ਕੋਈ ਹੱਲ ਨਹੀਂ - ਸਰਨਾ
ਨਵੀਂ ਦਿੱਲੀ - ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਵਤੇਜ ਸਰਨਾ ਨੇ ਕਿਹਾ ਕਿ ਭਾਰਤ ਨੇ ਈਰਾਨ ਦੇ ਵਿਰੁੱਧ ਫੌਜੀ ਕਾਰਵਾਈ ਦਾ ਵਿਰੋਧ ਕੀਤਾ ਹੈ। ਭਾਰਤ ਦਾ ਇਹ ਬਿਆਨ ਉਨ੍ਹਾਂ ਖ਼ਬਰਾਂ ਦੇ ਮੱਦੇ-ਨਜ਼ਰ ਆਇਆ ਹੈ ਜਿਸ ਵਿੱਚ ਅਮਰੀਕਾ ਵੱਲੋਂ ਇਸਰਾਈਲ ਨੂੰ ਈਰਾਨ ਉਪਰ ਹਮਲੇ ਦੇ ਲਈ ਤਿਆਰ ਰਹਿਣ ਦੇ ਲਈ ਕਹਿਣ ਦੀ ਗੱਲ ਕਹੀ ਗਈ ਸੀ। ਭਾਰਤ ਨੇ ਕਿਹਾ ਕਿ ਇਸ ਨਾਲ ਖਤਰਨਾਕ ਅੰਤਰਰਾਸ਼ਟਰੀ ਸਥਿਤੀ ਪੈਦਾ ਹੋ ਜਾਏਗੀ ਅਤੇ ਖ਼ਿੱਤੇ ’ਚ ਇਸ ਦੇ ਖਤਰਨਾਕ ਨਤੀਜੇ ਹੋਣਗੇ।
ਇਨ੍ਹਾਂ ਖ਼ਬਰਾਂ ਦੇ ਵਿਰੁੱਧ ਆਵਾਜ਼ ਚੁੱਕਦੇ ਹੋਏ ਭਾਰਤ ਨੇ ਕਿਹਾ ਕਿ ਈਰਾਨ ਦੇ ਪ੍ਰਮਾਣੁ ਪ੍ਰੋਗਰਾਮ ਵਿਵਾਦ ਦਾ ਕੋਈ ਫੌਜੀ ਹਮਲਾ ਹੱਲ ਨਹੀਂ ਹੈ। ਭਾਰਤ ਨੇ ਇਸ ਵਿੱਚ ਸ਼ਾਮਲ ਸਾਰੇ ਦੇਸ਼ਾਂ ਨੂੰ ਇਸ ਤਰ੍ਹਾਂ ਦੇ ਕਦਮ ਤੋਂ ਬਚਣ ਨੂੰ ਕਿਹਾ।
ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ. ਬੁਸ਼ ਵੱਲੋਂ ਤੇਹਰਾਨ ਦੇ ਪ੍ਰਮਾਣੁ ਪ੍ਰੋਗਰਾਮ ਉਪਰ ਗੱਲਬਾਤ ਅਸਫਲ ਹੋਣ ਦੀ ਸਥਿਤੀ ਵਿੱਚ ਇਸਰਾਈਲ ਨੂੰ ਈਰਾਨ ਉਪਰ ਹਮਲੇ ਦੀ ਤਿਆਰੀ ਕਰਨ ਦੀ ਖ਼ਬਰ ਆਉਣ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਵਤੇਜ ਸਰਨਾ ਨੇ ਕਿਹਾ ਕਿ ਭਾਰਤ ਈਰਾਨ ਦੇ ਵਿਰੁੱਧ ਫੌਜ ਦਾ ਇਸਤੇਮਾਲ ਕੀਤੇ ਜਾਣ ਦੀ ਖ਼ਬਰਾਂ ਤੋਂ ਕਾਫੀ ਫ਼ਿਕਰਮੰਦ ਹੈ। ਭਾਰਤ ਧਮਕੀ ਜਾਂ ਫੌਜ ਦਾ ਇਸਤੇਮਾਲ ਕੀਤੇ ਜਾਣ ਦੇ ਬਜਾਏ ਹਮੇਸ਼ਾ ਸਮਝੌਤੇ ਅਤੇ ਕੂਟਨੀਤੀ ਦੀ ਹਮਾਇਤ ਕਰਦਾ ਰਹੇਗਾ।

ਕੀ ਹੋਇਆ ਜੇ ਪ੍ਰਧਾਨ ਮੰਤਰੀ ਸਿੱਖ ਹੈ - ਬਾਦਲ
ਜਲੰਧਰ - ਇਥੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਇਕ ਨਵੀਂ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ, ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਲੋਕ ਸਭਾ ਵਿੱਚ ਭਰੋਸੇ ਦੇ ਵੋਟ ਮੌਕੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਹੱਕ ਵਿੱਚ ਖੜ੍ਹਨ ਦੀਆਂ ਕੀਤੀਆਂ ਅਪੀਲਾਂ ਨੂੰ ਇਕ ਪਾਸੇ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਬਚਨਬੱਧਤਾ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਨਾਲ ਹੈ ਤੇ ਉਹ ਉਸ ਨਾਲ ਡੱਟ ਕੇ ਖੜ੍ਹੇ ਹਨ ਤੇ ਪ੍ਰਧਾਨ ਮੰਤਰੀ ਦਾ ਸਿੱਖ ਹੋਣਾ ਕੋਈ ਮੁੱਦਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਨੇ 22 ਜੁਲਾਈ ਨੂੰ ਭਾਰਤ-ਅਮਰੀਕਾ ਪ੍ਰਮਾਣੁ ਮਾਮਲੇ ’ਤੇ ਲੋਕ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰਨਾ ਹੈ। ਇਸ ਲਈ ਦੇਸ਼ ਤੇ ਹੋਰਨਾਂ ਮੁਲਕਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਕ ਸਿੱਖ ਪ੍ਰਧਾਨ ਮੰਤਰੀ ਦੇ ਹੱਕ ’ਚ ਭੁਗਤੇ।
ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸਿੱਖ ਹੋਣਾ ਉਨ੍ਹਾਂ ਲਈ ਕੋਈ ਮੁੱਦਾ ਨਹੀਂ ਅਤੇ ਉਹ ਭਾਜਪਾ ਨਾਲ ਆਪਣੀ ਪ੍ਰਤੀਬੱਧਤਾ ਤੇ ਖੜ੍ਹੇ ਹਨ। ਪੱਤਰਕਾਰਾਂ ਵੱਲੋਂ ਵਾਰ-ਵਾਰ ਇਹੋ ਸਵਾਲ ਕਰਨ ਤੇ ਉਨ੍ਹਾਂ ਕਿਹਾ ਕਿ ‘ਮੈਨੂੰ ਇਸ ਮਸਲੇ ’ਚ ਨਾ ਉਲਝਾਓ, ਸਾਡਾ ਸਬੰਧ ਸਿਰਫ਼ ਐਨ.ਡੀ.ਏ. ਨਾਲ ਹੈ।’ ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਮੁੱਦਿਆਂ ’ਤੇ ਸ੍ਰੀ ਆਈ.ਕੇ. ਗੁਜਰਾਲ ਅਤੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਇਸ ਕਰਕੇ ਤਾਂ ਸਮਰਥਨ ਕੀਤਾ ਗਿਆ ਸੀ ਕਿ ਉਹ ਦੋਵੇਂ ਪੰਜਾਬੀ ਸਨ ਪਰ ਸ਼੍ਰੋਮਣੀ ਅਕਾਲੀ ਦਲ ਲਈ ਇਹ ਤਰਕ ਵੀ ਖਤਮ ਹੋ ਗਿਆ ਹੈ।

ਮਾਇਆਵਤੀ ਨੂੰ ਕਰੋੜਾਂ ਦਾ ਦਾਨ ਮਿਲਿਆ
ਨਵੀਂ ਦਿੱਲੀ - ਸੀ ਬੀ ਆਈ ਨੇ ਦੋਸ਼ ਲਗਾਇਆ ਹੈ ਕਿ ਮਾਇਆਵਤੀ ਨੂੰ ਆਪਣੀ 13.18 ਕਰੋੜ ਰੁਪਏ ਦੀ ਧੰਨ ਰਾਸ਼ੀ ਅਜਿਹੇ 130 ਲੋਕਾਂ ਤੋਂ ਦਾਨ ਵਿੱਚ ਮਿਲੀ ਦੱਸੀ ਹੈ ਜੋ ਆਪਣੇ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਵੀ ਨਹੀਂ ਕਰ ਸਕਦੇ। ਏਜੰਸੀ ਨੇ ਸੁਪਰੀਮ ਕੋਰਟ ਵਿੱਚ ਦਾਖਲ ਆਪਣੇ ਹਲਫ਼ਨਾਮੇ ਵਿੱਚ ਕਿਹਾ ਕਿ ਇਸ ਤੱਥ ਦੇ ਬਾਰੇ ਵਿੱਚ ਉਦੋਂ ਪਤਾ ਚੱਲਿਆ ਜਦ ਮਾਇਆਵਤੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੇਸ਼ ਕੀਤੀ ਗਈ ਇਨਕਮ ਟੈਕਸ ਰਿਟਰਨ ਦੀ ਜਾਂਚ ਕੀਤੀ ਗਈ। ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਜਾਂਚ ਤੋਂ ਪਤਾ ਲੱਗਾ ਕਿ ਮੁੱਖ ਮੰਤਰੀ ਨੇ ਬਾਅਦ ਵਿੱਚ ‘ਦਾਨ ਵਿੱਚ ਦਿੱਤੀ ਗਈ’ ਇਸ ਰਾਸ਼ੀ ਦੀ ਇਨਕਮ ਦੀ ਆਪਣੇ ਇੱਛਾ ਦੇ ਮੁਤਾਬਕ ਐਲਾਨ ਯੋਜਨਾ ਵਿੱਚ ਖੁਲਾਸਾ ਕੀਤਾ। ਇਹ ਪਤਾ ਲੱਗਾ ਹੈ ਕਿ ਚਲ ਅਤੇ ਅਚਲ ਪਰਿਸਪੰਤੀਆਂ ਨੂੰ ਹਾਸਲ ਕਰਨ ਦੇ ਮਕਸਦ ਨਾਲ ਧੰਨ ਦੇ ਇਸ ਸ੍ਰੋਤ ਨੂੰ ਛਿਪਾਉਣ ਦੇ ਲਈ ਮਾਇਆਵਤੀ ਵੱਲੋਂ 307 ਦਾਨ ਅਤੇ ਉਪਹਾਰ ਲਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਦਾਤਾਵਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਕੋਲ ਅਜਿਹੇ ਉਪਾਅ ਜਾਂ ਸੰਸਾਧਨ ਜਾਂ ਦਾਨ ਦੇ ਸਕਣ ਜਿਵੇਂ ਕਿ ਇਨਕਮ ਟੈਕਸ ਰਿਟਰਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।

ਭਾਜਪਾ ਨੇ ਯੂਪੀਏ ਸਰਕਾਰ ਦੇ ਵਿਰੁੱਧ ਖਰੜਾ ਜਾਰੀ ਕੀਤਾ
ਨਵੀਂ ਦਿੱਲੀ - ਇੱਥੇ ਪਾਰਟੀ ਦਫਤਰ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੀ ਅਗਵਾਈ ਵਾਲੀ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਦੇ ਵਿਰੁੱਧ ਖਰੜਾ ਜਾਰੀ ਕਰ ਦਿੱਤਾ। ਭਾਜਪਾ ਦੇ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਨੇ ‘ਯੂਪੀਏ ਦੇ ਚਾਰ ਸਾਲ’ ਨਾਂ ਨਾਲ ਇਕ ਬੁਕਲੇਟ ਜਾਰੀ ਕੀਤਾ। ਇਸ ਵਿੱਚ ਪਾਰਟੀ ਨੇ ਆਪਣੇ ਇਸ ਦੋਸ਼ ਦੀ ਹਮਾਇਤ ਵਿੱਚ ਇਹ ਤਰਕ ਦਿੱਤੇ ਹਨ ਕਿ ਕਿਸ ਤਰ੍ਹਾਂ ਯੂਪੀਏ ਦੇ ਚਾਰ ਸਾਲ ਦੇ ਸ਼ਾਸਨਕਾਲ ਨੇ ਦੇਸ਼ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।
ਖਰੜੇ ਦੇ ਕਵਰ ਪੇਜ ਉਪਰ ਸਿਰਲੇਖ ਦੇ ਹੇਠਾਂ ਲਿਖਿਆ ਹੈ - ‘ਗਰੀਬਾਂ ਦੇ ਡਿੱਢ ਉਪਰ ਲੱਤ, ਰਾਸ਼ਟਰੀ ਸੁਰੱਖਿਆ ਉਪਰ ਆਘਾਤ, ਇਹੀ ਹੈ ਯੁਪੀਏ ਦੀ ਖਾਸ ਗੱਲ।’ ਕਾਰਟੂਨ ਦੇ ਰੂਪ ਵਿੱਚ ਕਵਰ ਪੇਜ ਉਪਰ ਆਮ ਆਦਮੀ ਦੇ ਸਿਰ ਉਪਰ ਅਤਿਵਾਦ ਸਵਾਰ ਹੈ, ਕਾਂਗਰਸ ਉਸ ਦਾ ਗਲਾ ਦਬਾ ਰਹੀ ਹੈ। ਆਮ ਆਦਮੀ ਦੇ ਮੂੰਹ ਤੋਂ ਮਹਿੰਗਾਈ ਦੀ ਸਿਸਕੀ ਵੀ ਕੱਢੀ ਗਈ ਹੈ। ਖਰੜੇ ਦੇ ਬੈਕ ਕਵਰ ਉਪਰ ਚਾਰ ਸਾਲ ਪੂਰੇ ਹੋਣ ’ਤੇ ਯੂਪੀਏ ਦੀ ਦਾਵਤ ਨੂੰ ਕਾਰਟੂਨ ਦੇ ਰਾਹੀਂ ਪੇਸ਼ ਕੀਤਾ ਗਿਆ ਹੈ। ਖੱਬੀਆਂ ਪਾਰਟੀਆਂ ਉਪਰ ਆਮ ਆਦਮੀ ਬਚਾਓ-ਬਚਾਓ ਚਿਲਾ ਰਿਹਾ ਹੈ। ਭਾਜਪਾ ਦੇ ਨਿਸ਼ਾਨੇ ਉਪਰ ਰਹਿਣ ਵਾਲੇ ਕੁੱਝ ਨੇਤਾ ਛੁਰੀ-ਕੰਡੇ ਦੇ ਨਾਲ ਆਮ ਆਦਮੀ ਦੇ ਖੂਨ ਦਾ ਮਜ਼ਾ ਲੈ ਰਹੇ ਹਨ।
ਇਸ ਕਿਤਾਬ ਵਿੱਚ ਹਰ ਮੋਰਚੇ ਉਪਰ ਕੇਂਦਰ ਸਰਕਾਰ ਦੀ ਨਾਕਾਮੀ ਦਾ ਵੇਰਵਾ ਦਿੱਤਾ ਗਿਆ ਹੈ। ਖੱਬੀਆਂ ਪਾਰਟੀਆਂ ਨੂੰ ਵੀ ਨਿਸ਼ਾਨੇ ਉਪਰ ਲਿਆ ਗਿਆ ਹੈ। ਖਰੜੇ ਵਿੱਚ 10 ਅਧਿਆਏ ਹਨ। ਪਹਿਲਾ ਅਧਿਆਏ ਮਹਿੰਗਾਈ ਉਪਰ ਹੈ। ਹੋਰ ਅਧਿਆਇਆਂ ਵਿੱਚ ਆਰਥਿਕ ਕੁਪ੍ਰਬੰਧ, ਅਕੁਦਰਤੀ ਗਠਜੋੜ, ਦੇਸ਼ ਨੂੰ ਵੰਡਣ ਦੀ ਕੋਸ਼ਿਸ਼, ਰਾਮਸੇਤੂ ਉਪਰ ਵਾਰ, ਭਾਰਤ ਨਿਰਮਾਣ ਦਾ ਢੋਂਗ, ਘੋਟਾਲਿਆਂ ਦੀ ਸਰਕਾਰ ਆਦਿ ਪ੍ਰਮੁੱਖ ਹਨ। ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਯੂਪੀਏ ਸਰਕਾਰ ਦੇ ਵਿਰੁੱਧ ਭਾਜਪਾ ਦਾ ਇਹ ਕਰੋਪੀ ਵਾਲਾ ਖਰੜਾ ਹੈ।

ਰਾਜ ਠਾਕਰੇ ਨੇ ਨਵਾਂ ਫਰਮਾਨ ਜਾਰੀ ਕੀਤਾ
ਮੁੰਬਈ - ਮਹਾਂਰਾਸ਼ਟਰ ਨਵ ਨਿਰਮਾਣ ਫੌਜ ਦੇ ਮੁੱਖੀ ਰਾਜ ਠਾਕਰੇ ਨੇ ਉੱਤਰ ਭਾਰਤੀਆਂ ਦੇ ਵਿਰੁੱਧ ਮੁਹਿਮ ਚਲਾਉਣ ਤੋਂ ਬਾਅਦ ਹੁਣ ਨਵਾਂ ਫਰਮਾਨ ਜਾਰੀ ਕੀਤਾ ਹੈ। ਉਨ੍ਹਾਂ ਨੇ ਰਾਜ ਦੇ ਇੰਗਲਿਸ਼ ਮੀਡੀਅਮ ਸਕੂਲਾਂ ਨੂੰ ਕਿਹਾ ਹੈ ਕਿ ਉਹ ਪਹਿਲੀ ਕਲਾਸ ਤੋਂ ਹੀ ਮਰਾਠੀ ਨੂੰ ਜ਼ਰੂਰੀ ਵਿਸ਼ਾ ਬਣਾਉਣ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਇਕ ਮਹੀਨੇ ਦੇ ਅੰਦਰ ਨੇਮ ਪਲੇਟ ਅਤੇ ਬੋਰਡ ਨੂੰ ਮਰਾਠੀ ਵਿੱਚ ਲਿਖਵਾ ਲੈਣ।
ਇਸ ਤੋਂ ਇਲਾਵਾ, ਰਾਜ ਨੇ ਮਰਾਠੀ ਅਧਿਕਾਰੀਆਂ ਨੂੰ ਮੁੜ ਅਪੀਲ ਕੀਤੀ ਕਿ ਮੁੰਬਈ ਤੋਂ ਬਾਹਰੋਂ ਆਇਆਂ ਨੂੰ ਫਰਜ਼ੀ ਰਹਾਇਸ਼ੀ ਪ੍ਰਮਾਣ ਪੱਤਰ ਅਤੇ ਡ੍ਰਾਈਵਿੰਗ ਲਾਈਸੈਂਸ ਜਾਰੀ ਨਾ ਕਰਣ। ਉਨ੍ਹਾਂ ਨੇ ਕਿਹਾ ਕਿ ਬਾਹਰੀਆਂ ਦੇ ਹੜ੍ਹ ਨਾਲ ਰਾਜ ’ਚ ਹਿੰਸਾ ਵਿੱਚ ਵਾਧੇ ਹੋ ਰਹੇ ਹਨ। ਅਜਿਹਾ ਹੀ ਚਲਦਾ ਰਿਹਾ ਤਾਂ ਰਾਜ ਦਾ ਬੁਰਾ ਹਾਲ ਹੋ ਜਾਏਗਾ। ਰਾਜ ਦੀ ਧਮਕੀ ਤੋਂ ਬਾਅਦ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਆਰ.ਆਰ. ਪਾਟਿਲ ਨੇ ਕਿਹਾ ਕਿ ਕਿਸੀ ਨੂੰ ਵੀ ਸਮਾਨਾਂ ਤਰ ਸਰਕਾਰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਪਣੇ ਚਾਚੇ ਅਤੇ ਸ਼ਿਵ ਸੇਨਾ ਪ੍ਰਮੁੱਖ ਬਾਲ ਠਾਕਰੇ ਦੇ ਘਰ ਦੇ ਕੋਲ ਬਾਂਦਰਾ ਵਿੱਚ ਰਾਜ ਠਾਕਰੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋ ਸਾਲ ਪੁਰਾਣੀ ਸਾਡੀ ਪਾਰਟੀ ਲੋਕ ਸਭਾ ਦੀਆਂ ਚੋਣਾਂ ਵੀ ਲੜੇਗੀ। ਉਨ੍ਹਾਂ ਨੇ ਮੀਡੀਆ ਨੂੰ ਵੀ ਚੇਤਾਵਨੀ ਦਿੱਤੀ ਕਿ ਦੇਸ਼ ਦੀ ਆਰਥਿਕ ਰਾਜਧਾਨੀ ਨੂੰ ‘ਮੁੰਬਈ’ ਕਹੋ ਨਾ ਕਿ ‘ਬੰਬਈ’ ਕਹੀ ਜਾਓ। ਉਨ੍ਹਾਂ ਨੇ ਕਿਹਾ ਕਿ ਮੈਂ ਦੁਕਾਨਦਾਰਾਂ ਨੂੰ ਕਿਹਾ ਹੈ ਕਿ ਉਹ ਇਕ ਮਹੀਨੇ ਦੇ ਅੰਦਰ ਮਰਾਠੀ ਵਿੱਚ ਸਾਈਨ ਬੋਰਡ ਲਿਖਣ ਦੇ ਹੁਕਮ ਦੀ ਪਾਲਨਾਂ ਕਰਨ।

ਅੰਮ੍ਰਿਤਸਰ ਵਿਖੇ ਦਿੱਲੀ ਗੁਰਦੁਆਰਾ ਕਮੇਟੀ ਨੇ ਇਮਾਰਤ ਖਰੀਦੀ
ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਜੀ. ਪੀ. ਸੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਡੀ. ਜੀ. ਪੀ. ਸੀ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਅਤੇ ਆਸ-ਪਾਸ ਦੇ ਹੋਰ ਇਤਿਹਾਸਕ ਗੁਰ-ਧਾਮਾਂ ਦੇ ਦਰਸ਼ਨ-ਦੀਦਾਰ ਕਰਨ ਲਈ ਦਿੱਲੀ ਤੋਂ ਜਾਂਦੇ ਸ਼ਰਧਾਲੂਆਂ ਦੇ ਉਥੇ ਠਹਿਰਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਲਾਰੰਸ ਰੋਡ ’ਤੇ ਇਕ ਵਿਸ਼ਾਲ ਇਮਾਰਤ ਖਰੀਦੀ ਹੈ, ਜਿਸ ਵਿੱਚ ਤਕਰੀਬਨ 60 ਕਮਰੇ ਬਣੇ ਹੋਏ ਹਨ, ਇਨ੍ਹਾਂ ਕਮਰਿਆਂ ਦੀ ਥੋੜੀ ਬਹੁਤ ਮੁਰੰਮਤ ਕਰਕੇ ਕਮਰਿਆਂ ਨੂੰ ਸ਼ਰਧਾਲੂਆਂ ਦੇ ਠਹਿਰਨ ਲਈ ਰਹਿਣ ਯੋਗ ਬਣਾਇਆ ਜਾ ਰਿਹਾ ਹੈ। ਇਸ ਇਮਾਰਤ ’ਤੇ ਦਫਤਰ ‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਅਤੇ ‘ਸ੍ਰੀ ਗੁਰੂ ਤੇਗ ਬਹਾਦਰ ਨਿਵਾਸ’ ਦੇ ਬੋਰਡ ਲਾ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਇਮਾਰਤ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ‘ਸਿੱਖ-ਮਿਸ਼ਨ ਇੰਟਰਨੈਸ਼ਨਲ’ ਦਾ ਦਫਤਰ ਵੀ ਬਣਾਇਆ ਜਾ ਰਿਹਾ ਹੈ।
ਗੌਰਤਲਬ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਪਿਛਲੀ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਸ਼ਰਧਾਲੂਆਂ ਲਈ ਅੰਮ੍ਰਿਤਸਰ ਵਿਖੇ ਯਾਤਰੀ-ਨਿਵਾਸ ਦੀ ਉਸਾਰੀ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਾਲ-ਬਾਜ਼ਾਰ ਨੇੜੇ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਪਹਿਲਾਂ ਕਿ ਇਸ ਫੈਸਲੇ ਤੇ ਆਖਰੀ ਮੋਹਰ ਲਾਈ ਜਾਂਦੀ ਕਾਂਗਰਸ ਦੀ ਸਰਕਾਰ ਬਦਲ ਗਈ। ਨਵੀਂ ਆਈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਸਰਕਾਰ ਨੇ ਇਸ ਜ਼ਮੀਨ ਦੀ ਅਲਾਟਮੈਂਟ ਦੀ ਫਾਈਲ ਨੂੰ ਫਿਲਹਾਲ ਬੰਦ ਕਰਕੇ ਇਕ ਪਾਸੇ ਰੱਖ ਦਿੱਤਾ ਹੋਇਆ ਹੈ। ਯਾਨੀ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ।
ਪ੍ਰਧਾਨ ਸਰਨਾ ਨੇ ਦੱਸਿਆ ਕਿ ਡੀਜੀਪੀਸੀ ਵੱਲੋਂ ਦਿੱਲੀ ਦੇ ਸਿੱਖਾਂ ਨੂੰ ਭਰੋਸਾ ਦੁਆਇਆ ਗਿਆ ਹੈ ਕਿ ਉਨ੍ਹਾਂ ਦੇ ਅੰਮ੍ਰਿਤਸਰ ਵਿਖੇ ਠਹਿਰਨ ਲਈ ਛੇਤੀ ਹੀ ਆਧੁਨਿਕ ਸਹੂਲਤਾਂ ਨਾਲ ਭਰਪੂਰ ਨਿਵਾਸ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਦਮ ਉਨ੍ਹਾਂ ਨੇ ਮਜ਼ਬੂਰੀ ਵਿੱਚ ਹਾਲ ਬਾਜ਼ਾਰ ਦੇ ਨੇੜੇ ਦੀ ਜ਼ਮੀਨ ਦੀ ਅਲਾਟਮੈਂਟ ਨਾ ਹੋਣ ਕਰਕੇ ਪੁਟਿਆ ਹੈ। ਉਨ੍ਹਾਂ ਕਿਹਾ ਕਿ ਜੇ ਹਾਲ ਬਾਜ਼ਾਰ ਦੇ ਨੇੜੇ ਵਾਲੀ ਜ਼ਮੀਨ ਅਲਾਟ ਕਰਨ ਦੀ ਫਾਈਲ ’ਤੇ ਪੰਜਾਬ ਸਰਕਾਰ ਜ਼ਮੀਨ ਦੇਣ ਦਾ ਫੈਸਲਾ ਕਰਦੀ ਹੈ ਤਾਂ ਉਹ ਜ਼ਮੀਨ ਵੀ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲੈ ਲਈ ਜਾਵੇਗੀ।


Home | Main news | Contact us
All rights reserved with KUKSAMACHAR