info@kuksamachar.com Fortnightly Issue No. 116 New Zealand 16 July 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 

ਅੰਤਰਰਾਸ਼ਟਰੀ ਖਬਰਾਂ
ਵੈਨੇਜ਼ੂਏਲਾ ਦੀ ਡਾਇਨਾ ਮੋਂਡੋਜ਼ਾ ‘ਮਿਸ ਯੂਨੀਵਰਸ 2008’ ਬਣੀ
ਨਹਾ ਟਰਾਂਗ (ਵੀਅਤਨਾਮ) - ਇੱਥੇ ਹੋਏ ਪਹਿਲੀ ਵਾਰ ਮਿਸ ਯੂਨੀਵਰਸ 2008 ਮੁਕਾਬਲੇ ਵਿੱਚ ਮਿਸ ਵੈਨੇਜ਼ੂਏਲਾ ਡਾਇਨਾ ਮੋਂਡੋਜ਼ਾ ਨੇ ‘ਮਿਸ ਯੂਨੀਵਰਸ 2008’ ਦਾ ਖਿਤਾਬ 80 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਹਰਾ ਕੇ ਆਪਣੇ ਨਾਂ ਕੀਤਾ। ਮੁਕਾਬਲੇ ਦੌਰਾਨ ਇਵਨਿੰਗ ਗਾਉਣ ਮੁਕਾਬਲੇ ’ਚ ਅਮਰੀਕਾ ਦੀ ਸੁੰਦਰੀ ਲਗਾਤਾਰ ਦੂਜੇ ਸਾਲ ਫਿਸਲ ਕੇ ਡਿੱਗ ਗਈ। ਫਾਈਨਲ ’ਚ ਜੇਤੂ ਮੇਂਡੋਜ਼ਾ ਨੂੰ ਪਿਛਲੇ ਸਾਲ ਦੀ ਜੇਤੂ ਜਾਪਾਨ ਦੀ ਰੀਓ ਮੋਰੀ ਨੇ ਬੇਸ਼ਕੀਮਤੀ ਇਕ ਲੱਖ 20 ਹਜ਼ਾਰ ਡਾਲਰ ਦਾ ਹੀਰਿਆਂ ਨਾਲ ਜੜਿਆ ਤਾਜ ਪਹਿਨਾਇਆ ਅਤੇ ਮੇਂਡੋਜ਼ਾ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਵੱਗ ਪਏ।
22 ਸਾਲਾ ਮਿਸ ਵੈਨੇਜ਼ੂਏਲਾ ਇਕ ਮਾਡਲ ਤੇ ਇੰਟੀਰੀਅਰ ਡਿਜ਼ਾਈਨ ਦੀ ਵਿਦਿਆਰਥਣ ਹੈ। ਜਿਸ ਨੂੰ ਇਕ ਵਾਰ ਆਪਣੇ ਗ੍ਰਹਿ ਨਗਰ ’ਚ ਅਗਵਾ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਸ ਅਨੁਭਵ ਨੇ ਉਨ੍ਹਾਂ ਨੂੰ ਕਠਿਨ ਸਮੇਂ ’ਚ ਸਬਰ ਰਖਣ ਦੀ ਹਿੰਮਤ ਦਿਤੀ। ਇਕ ਸਵਾਲ ਦੇ ਸਹੀ ਜਵਾਬ ਨੇ ਮੇਂਡੋਜ਼ਾ ਨੂੰ ਬ੍ਰਹਿਮੰਡ ਸੁੰਦਰੀ ਬਣਾ ਦਿੱਤਾ, ਸਵਾਲ ਸੀ ਮਰਦ ਤੇ ਔਰਤ ਵਿਚ ਅੰਤਰ ਨਾਲ ਸਬੰਧਿਤ ਜਿਸ ਦੇ ਜਵਾਬ ਦੇ ਆਧਾਰ ’ਤੇ ਮੇਂਡੋਜ਼ਾ ਨੂੰ ਇਹ ਖਿਤਾਬ ਦੇਣ ਦਾ ਐਲਾਨ ਕੀਤਾ ਹੈ। ਮੇਂਡੋਜ਼ਾ ਨੇ ਇਸ ਸਵਾਲ ਦਾ ਜਵਾਬ ਇਸ ਤਰ੍ਹਾਂ ਦਿੱਤਾ ‘‘ਮਰਦ ਸਮਝਦਾ ਹੈ ਕਿ ਕਿਸੇ ਨਿਸ਼ਾਨੇ ’ਤੇ ਜਲਦੀ ਪਹੁੰਚਣ ਦਾ ਰਸਤਾ ਸਿੱਧਾ ਹੁੰਦਾ ਹੈ ਜਦਕਿ ਔਰਤਾਂ ਜਾਣਦੀਆਂ ਹਨ ਕਿ ਕਿਸੇ ਨਿਸ਼ਾਨੇ ’ਤੇ ਜਲਦੀ ਪਹੁੰਚਣ ਦਾ ਰਸਤਾ ਟੇਢਾ ਹੁੰਦਾ ਹੈ।’’ ਆਪਣੇ ਪਰਿਵਾਰ ਨਾਲ ਜਿੱਤ ਦਾ ਜਸ਼ਨ ਮਨਾਉਣ ਤੋਂ ਬਾਅਦ ਉਹ ਇਕ ਸਾਲ ਲਈ ਵਿਸ਼ਵ ਭਰ ਦਾ ਦੌਰਾ ਕਰੇਗੀ। 20 ਸਾਲਾਂ ਦੀ ਮਿਸ ਕੋਲੰਬੀਆ ਤਾਲੀਆਨਾ ਵਰਗੈਸ ਦੂਜੇ ਸਥਾਨ ’ਤੇ ਰਹੀ। ਫਾਈਨਲ ਮੁਕਾਬਲੇ ਵਿੱਚ ਲਾਤੀਨੀ ਅਮਰੀਕਾ ਦੀਆਂ ਚਾਰ ਸੁੰਦਰੀਆਂ ਆਖਰੀ ਦਸਾਂ ਵਿੱਚ ਪਹੁੰਚੀਆਂ ਸਨ। ਇਸ ਤੋਂ ਪਹਿਲਾਂ ਚੋਣਕਾਰਾਂ ਨੇ 80 ਪ੍ਰਤੀਯੋਗੀਆਂ ’ਚੋਂ 15 ਪ੍ਰਤੀਯੋਗੀਆਂ ਦੀ ਚੋਣ ਕੀਤੀ ਅਤੇ ਉਸ ਤੋਂ ਬਾਅਦ ਸਵਿਮ ਸੂਟ ਮੁਕਾਬਲੇ ਤੋਂ ਬਾਅਦ 10 ਪ੍ਰਤੀਯੋਗੀਆਂ ਦੀ ਚੋਣ ਕੀਤੀ ਗਈ। ਇਨ੍ਹਾਂ ’ਚ ਅਮਰੀਕਾ, ਕੋਬੋਵੋ, ਆਸਟ੍ਰੇਲੀਆ, ਸਪੇਨ, ਮੈਕਸੀਕੋ, ਕੋਲੰਬੀਆ, ਡੋਮਿਨਿਕਨ, ਰਿਪਬਲਿਕ ਰੂਸ, ਇਟਲੀ ਅਤੇ ਵੈਨੇਜ਼ੂਏਲਾ ਦੀਆਂ ਸੁੰਦਰੀਆਂ ਨੂੰ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਭਾਰਤ ਦੀ ਸਿਮਰਨ ਕੌਰ ਪਹਿਲੇ 15 ਵਿੱਚ ਵੀ ਨਾ ਆ ਸਕੀ। ਫਾਈਨਲ ਮੁਕਾਬਲੇ ਵਿੱਚ ਪਿਛਲੇ ਸਾਲ ਵਾਂਗ ਇਸ ਵਾਰ ਵੀ ਮਿਸ ਅਮਰੀਕਾ ਕ੍ਰਿਸਟਲ ਸਟੀਵਰਟ ਸ਼ਾਮ ਦੇ ਗਾਊਨ ਮੁਕਾਬਲੇ ਦੌਰਾਨ ਫਿਸਲ ਕੇ ਡਿਗ ਪਈ। ਮੈਕਸੀਕੋ ਵਿਖੇ 2007 ਦੇ ਮਿਸ ਯੂਨੀਵਰਸ ਮੁਕਾਬਲੇ ’ਚ ਅਮਰੀਕਾ ਦੀ ਹੀ ਰਛੇਲ ਸਮਿੱਥ ਸੰਤੁਲਨ ਗਵਾ ਬੈਠੀ ਸੀ ਤੇ ਡਿਗ ਪਈ ਸੀ। ਇਥੇ ਜ਼ਿਕਰਯੋਗ ਹੈ ਕਿ 1952 ਵਿੱਚ ਕੈਲੀਫੋਰਨੀਆ ਦੇ ਲਾਂਗ ਬੀਚ ਵਿੱਚ ਮਿਸ ਯੂਨੀਵਰਸ ਮੁਕਾਬਲੇ ਸ਼ੁਰੂ ਹੋਏ ਸਨ। ਦਖਣੀ ਸਮੁੰਦਰੀ ਸਥਾਨ ਨਹਾ ਤਰਾਂਗ ’ਚ ਇਸ ਵਿਸ਼ਵ ਪੱਧਰੀ ਸੁੰਦਰਤਾ ਮੁਕਾਬਲੇ ਦਾ ਇਹ 57ਵਾਂ ਮੁਕਾਬਲਾ ਸੀ। ਇਸ ਨੂੰ ਅਮਰੀਕਾ ਦੇ ਮਸ਼ਹੂਰ ਟਾਂਕ ਸ਼ੋਅ ਪ੍ਰਸਤੋਤਾ ਜੇਰੀ ਸਪ੍ਰਿੰਗਰ ਅਤੇ ਬ੍ਰਿਟਿਸ਼ ਪਾਪ ਸਟਾਰ ਮੇਲ ਬੀ ਨੇ ਪੇਸ਼ ਕੀਤਾ।


ਏਸ਼ੀਆ ’ਚ ਤੇਲ ਕੀਮਤਾਂ ਹੇਠਾਂ ਨੂੰ
 
ਸਿੰਗਾਪੁਰ - ਖ਼ਬਰ ਦੇ ਮੁਤਾਬਕ ਏਸ਼ੀਆ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਕੁੱਝ ਹੇਠਾਂ ਨੂੰ ਆਈਆਂ ਹਨ। ਕੱਚੇ ਤੇਲ ਦੀਆਂ ਕੀਮਤਾਂ 1.50 ਅਮਰੀਕੀ ਡਾਲਰ ਤੋਂ ਵੱਧ ਘੱਟ ਗਈਆਂ ਹਨ। ਨਿਊਯਾਰਕ ਵਿੱਚ ਕੱਚੇ ਤੇਲ ਦੇ ਅਗਸਤ ਦੇ ਸੌਦਿਆਂ ਦੇ ਭਾਅ 1.65 ਡਾਲਰ ਟੁੱਟ ਕੇ 143.43 ਡਾਲਰ ਪ੍ਰਤੀ ਬੈਰਲ ਰਹੇ। ਬਰੈਂਟ ਨਾਰਥ ਸੀ-ਆਇਲ ਦੇ ਅਗਸਤ ਦੇ ਸੌਦਿਆਂ ਦੇ ਭਾਅ 1.24 ਡਾਲਰ ਘਟ ਕੇ 143.25 ਅਮਰੀਕੀ ਡਾਲਰ ਪ੍ਰਤੀ ਬੈਰਲ ਰਹੇ।


ਮਾਪਿਆਂ ਦਾ ਬੱਚਿਆਂ ਵੱਲ ਧਿਆਨ ਘਟ - ਇਕ ਅਧਿਐਨ
ਲੰਡਨ - ਇੱਥੇ ਹੋਏ ਇਕ ਅਧਿਐਨ ਨੇ ਇਸ ਗੱਲ ਨੂੰ ਗਲਤ ਸਾਬਿਤ ਕਰ ਦਿੱਤਾ ਹੈ ਕਿ, ‘ਦੁਨੀਆ ਵਿੱਚ ਮਾਪਿਆਂ ਨੂੰ ਮਾਰਗ ਦਰਸ਼ਕ ਅਤੇ ਗਾਡੀ ਰਾਹ ਮੰਨਿਆ ਜਾਂਦਾ ਹੈ।’ ਬੱਚਿਆਂ ਬਾਰੇ ਸੁਸਾਇਟੀ ਦੇ ਮਾਹਿਰਾਂ ਨੇ ਇਕ ਅਧਿਐਨ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਅੱਜਕਲ੍ਹ ਦੇ ਬੱਚਿਆਂ ’ਚ ਮੁੱਢਲੀਆਂ ਕਦਰਾਂ-ਕੀਮਤਾਂ ਦੀ ਘਾਟ ਹੈ, ਜਿਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਲਈ ਚੰਗੇ ਆਦਰਸ਼ ਸਾਬਿਤ ਨਹੀਂ ਹੋ ਰਹੇ।
ਆਪਣੇ ਅਧਿਐਨ ਦੌਰਾਨ ਮਾਹਿਰਾਂ ਨੇ 1,176 ਵਿਅਕਤੀਆਂ ਨੂੰ ਸਵਾਲ ਕੀਤੇ ਅਤੇ ਇਹ ਦੇਖਿਆ ਕਿ ਇਨ੍ਹਾਂ ਵਿਚੋਂ ਦੋ ਤਿਹਾਈ ਬਾਲਕ ਇਹ ਮੰਨਦੇ ਹਨ ਕਿ ਉਨ੍ਹਾਂ ਦੇ ਮੁਕਾਬਲੇ ਅੱਜਕਲ੍ਹ ਦੇ ਨੌਜਵਾਨਾਂ ਵਿੱਚ ਕਦਰਾਂ-ਕੀਮਤਾਂ ਦੀ ਘਾਟ ਹੈ। ਅਧਿਐਨ ਮੁਤਾਬਿਕ ਇਸ ਦਾ ਸਭ ਤੋਂ ਵੱਡਾ ਕਾਰਨ ਸੈਲੀਬ੍ਰਿਟੀ ਕਲਚਰ ਅਤੇ ਪਰਿਵਾਰਕ ਸੰਬੰਧਾਂ ਦਾ ਕਮਜ਼ੋਰ ਹੋਣਾ ਹੈ। ਸੁਸਾਇਟੀ ਨੇ ਮਾਪਿਆਂ ’ਤੇ ਵੀ ਦੋਸ਼ ਲਗਾਇਆ ਕਿ ਬੱਚੇ ਦੇ ਰਵੱਈਏ ਪ੍ਰਤੀ ਉਨ੍ਹਾਂ ਦਾ ਵਰਤਾਓ ਸਹਾਇਤਾ ਕਰਨ ਦੀ ਥਾਂ ਹਮੇਸ਼ਾ ਟੋਕਣ ਵਾਲਾ ਹੁੰਦਾ ਹੈ, ਜਿਸ ਕਾਰਨ ਬੱਚਾ ਆਧੁਨਿਕ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ’ਚ ਨਾਕਾਮ ਰਹਿ ਜਾਂਦਾ ਹੈ। ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਬੌਬ ਰੀਟੀਮੀਅਰ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਆਪਣੇ ਜਵਾਨ ਹੋ ਰਹੇ ਬੱਚਿਆਂ ਪ੍ਰਤੀ ਜ਼ਿਆਦਾ ਜ਼ਿੰਮੇਵਾਰੀ ਵਾਲਾ ਰਵੱਈਆ ਧਾਰਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਜਿਹਾ ਬੀਜਾਂਗੇ, ਤਿਹਾ ਵੱਢਾਂਗੇ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਲਈ ਆਦਰਸ਼ ਬਨਣ ਅਤੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ।

ਮਲੇਸ਼ੀਆ ਸਰਕਾਰ ਦੀ ‘ਅੱਲ੍ਹਾ’ ਸ਼ਬਦ ਵਰਤਣ ’ਤੇ ਪਾਬੰਦੀ ਵਿਰੁਧ ਈਸਾਈ ਤੇ ਸਿੱਖ ਇੱਕ ਜੁੱਟ ਹੋਏ
 
ਕੁਆਲਾਲੰਪੁਰ - ਮਲੇਸ਼ੀਆ ਸਰਕਾਰ ਵੱਲੋਂ ਗ਼ੈਰ ਮੁਸਲਿਮ ਲੋਕਾਂ ਵੱਲੋਂ ‘ਅੱਲ੍ਹਾ’ ਸ਼ਬਦ ਦੀ ਵਰਤੋਂ ਉੱਤੇ ਲਾਈ ਰੋਕ ਵਿਰੁਧ ਕਾਨੂੰਨੀ ਲੜਾਈ ਲੜ ਰਹੇ ਈਸਾਈਆਂ ਦੇ ਨਾਲ ਹੁਣ ਸਿੱਖ ਵੀ ਜੁੜ ਗਏ ਹਨ। ਇਥੋਂ ਦੀ ਇਕ ਸਿੱਖ ਜਥੇਬੰਦੀ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਇਸ ਮਾਮਲੇ ’ਚ ਦਖ਼ਲ ਦੀ ਮੰਗ ਕੀਤੀ ਹੈ। ਮਲੇਸ਼ੀਅਨ ਸਰਕਾਰ ਨੇ ਹਫ਼ਤਾਵਾਰੀ ਕੈਥੋਲਿਕ ਅਖ਼ਬਾਰ ‘ਹੇਰਾਲਡ’ ਵੱਲੋਂ ‘ਅੱਲ੍ਹਾ’ ਸ਼ਬਦ ਦੀ ਵਰਤੋਂ ਕਰਨ ਪਿਛੋਂ ਗ਼ੈਰ ਮੁਸਲਿਮ ਲੋਕਾਂ ਦੇ ਇਸ ਸ਼ਬਦ ਦੀ ਵਰਤੋਂ ਉੱਤੇ ਪਾਬੰਦੀ ਲਾ ਦਿਤੀ ਸੀ।
ਮਲੇਸ਼ੀਆਈ ਗੁਰਦਵਾਰਾ ਕੌਂਸਲ ਦੇ ਪ੍ਰਧਾਨ ਭਾਈ ਜਗੀਰ ਸਿੰਘ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਸਰਕਾਰ ਨੂੰ ‘ਅੱਲ੍ਹਾ’ ਸ਼ਬਦ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਹੋਣ ਬਾਰੇ ਜਾਣੂ ਕਰਾਉਣ ਵਾਸਤੇ ਮਾਮਲੇ ’ਚ ਦਖ਼ਲ ਦੀ ਮੰਗ ਕੀਤੀ। ਇਸ ਪਿਛੋਂ ਉਨ੍ਹਾਂ ਕਿਹਾ, ‘ਅੱਲ੍ਹਾ ਸ਼ਬਦ ਦੀ ਵਰਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਕਈ ਥਾਂਵਾਂ ’ਤੇ ਕੀਤੀ ਗਈ ਹੈ।’ ਅਦਾਲਤ ’ਚ ਦਿਤੇ ਹਲਫ਼ੀਆ ਬਿਆਨ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਅੱਲ੍ਹਾ’ ਸ਼ਬਦ ਹੋਣ ਦੇ ਕਈ ਹਵਾਲੇ ਵੀ ਦਿਤੇ ਗਏ ਹਨ, ਰਾਹੀਂ ਭਾਈ ਜਗੀਰ ਸਿੰਘ ਨੇ ਕਿਹਾ, ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬਾਨ ਨੇ ਲਿਖਿਆ ਹੈ, ਇਸ ਲਈ ਗੁਰੂ ਦਾ ਇਕ ਵੀ ਸ਼ਬਦ ਨਹੀਂ ਬਦਲਿਆ ਜਾ ਸਕਦਾ, ਨਾ ਕੋਈ ਸੋਧ ਕੀਤੀ ਜਾ ਸਕਦੀ ਹੈ ਅਤੇ ਨਾ ਹੀ ‘ਅੱਲ੍ਹਾ’ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਮਲੇਸ਼ੀਆ ਦੇ 130 ਗੁਰਦਵਾਰੇ ਸਾਡੇ ਨਾਲ ਹਨ ਅਤੇ ਲਗਭਗ ਇਕ ਲੱਖ ਸਿੱਖ ਮਲੇਸ਼ੀਆ ’ਚ ਵਸਦੇ ਹਨ।’ ਉਨ੍ਹਾਂ ਦਸਿਆ ਕਿ ਭਾਵੇਂ ਦੇਸ਼ ’ਚ 60 ਫ਼ੀਸਦੀ ਮੁਸਲਮਾਨ ਵਸਦੇ ਹਨ ਪਰ ਫਿਰ ਵੀ ਇਹ ਦੇਸ਼ ਪੂਰੀ ਤਰ੍ਹਾਂ ਇਸਲਾਮਕ ਨਹੀਂ, ਇਸ ਲਈ ਇਹ ਸਰਕਾਰੀ ਪਾਬੰਦੀ ਤੁਰਤ ਹਟਾ ਲੈਣੀ ਚਾਹੀਦੀ ਹੈ।
ਦੂਜੇ ਪਾਸੇ ਸਰਕਾਰ ਦੇ ਅਧਿਕਾਰੀਆਂ ਨੇ ਪਾਬੰਦੀ ਲਾਉਂਦਿਆਂ ਦਲੀਲ ਦਿਤੀ ਸੀ ਕਿ ਗ਼ੈਰ ਮੁਸਲਿਮ ਲੋਕਾਂ ਦੁਆਰਾ ‘ਅੱਲ੍ਹਾ’ ਸ਼ਬਦ ਦੀ ਵਰਤੋਂ ਨਾਲ ਮੁਸਲਮਾਨਾਂ ’ਚ ਭਰਮ ਪੈਦਾ ਹੋਵੇਗਾ। ਇਹ ਮਾਮਲਾ ਕੁਆਲਾਲੰਪੁਰ ਦੇ ਰੋਮਨ ਕੈਥੋਲਿਕ ਆਰਕਬਿਸ਼ਾਪ ‘ਮਰਫ਼ੀ ਪਕੀਅਮ’ ਨੇ ਚੁੱਕਿਆ ਸੀ ਜਿਸ ਨੂੰ ਅਖ਼ਬਾਰ ‘ਹੇਰਾਲਡ’ ਦੇ ਦਾਅਵੇ ਦੀ ਨਿਆਇਕ ਸਮੀਖਿਆ ਕਰਨ ਦੀ ਇਜਾਜ਼ਤ ਦਿਤੀ ਗਈ ਸੀ। ਅਖ਼ਬਾਰ ਦਾ ਕਹਿਣਾ ਸੀ ਕਿ ਮਲਈ ਭਾਸ਼ਾ ’ਚ ਈਸ਼ਵਰ ਲਈ ‘ਅੱਲ੍ਹਾ’ ਦੀ ਵਰਤੋਂ ਮੁੱਢ ਤੋਂ ਹੋ ਰਹੀ ਹੈ। ਜੇ ਮਲੇਸ਼ੀਅਨ ਗੁਰਦਵਾਰਾ ਕੌਂਸਲ ਦੀ ਅਰਜ਼ੀ ਮਨਜ਼ੂਰ ਕਰ ਲਈ ਜਾਂਦੀ ਹੈ ਤਾਂ ਮਲੇਸ਼ੀਆ ’ਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਕੌਂਸਲ ਨੂੰ ਵੀ ਨਿਆਇਕ ਸਮੀਖਿਆ ’ਚ ਮੁੱਦਾਲਾ ਧਿਰ ਵਜੋਂ ਸ਼ਾਮਲ ਕਰ ਲਿਆ ਜਾਵੇਗਾ। ਗੁਰਦਵਾਰਾ ਕੌਂਸਲ ਇਸ ਮਾਮਲੇ ’ਚ ਦਖ਼ਲ ਦੀ ਮੰਗ ਕਰਨ ਵਾਲੀ ਪੰਜਵੀਂ ਧਿਰ ਹੈ।
      
ਸੰਮੇਲਨ ਵਿੱਚ ਦਲਿਤਾਂ ਨੂੰ ਮਜ਼ਬੂਤ ਬਣਾਉਣ ਦੀ ਅਪੀਲ
ਨਿਊਯਾਰਕ - ਇੱਥੇ ਹੋਏ ਤਿੰਨ ਦਿਨੀਂ ਅੰਤਰਰਾਸ਼ਟਰੀ ਦਲਿਤ ਸੰਮੇਲਨ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਛੂਆਛਾਤ ਦੇ ਖ਼ਾਤਮੇ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ‘ਕਮਜ਼ੋਰਾਂ ਨੂੰ ਤਾਕਤਵਰ’ ਬਣਾਉਣ ਦੀ ਬੇਨਤੀ ਕੀਤੀ ਹੈ। ਸੰਮੇਲਨ ਅਮਰੀਕਨ ਫੈਡਰੇਸ਼ਨ ਆਫ਼ ਮੁਸਲਿਮਸ ਆਫ਼ ਇੰਡੀਆ ਔਰੀਜਿਨ ਵੱਲੋਂ ਆਯੋਜਿਤ ਕੀਤਾ ਗਿਆ ਸੀ।
ਸੰਮੇਲਨ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਦੀ ਦਸ਼ਾ ਉਪਰ ‘ਨਿਊਯਾਰਕ ਵਿਜਨ ਦਸਤਾਵੇਜ਼ 2008’ ਨੂੰ ਸਵੀਕਾਰ ਕੀਤਾ ਗਿਆ। ਤਿੰਨ ਦਿਨੀਂ ਅੰਤਰਰਾਸ਼ਟਰੀ ਦਲਿਤ ਸੰਮੇਲਨ ਦੇ ਖ਼ਾਤਮੇ ਮੌਕੇ ਉਪਰ ਪਾਸਵਾਨ ਨੇ ਕਿਹਾ ‘ਸਾਰੇ ਮੁਮਕਿਨ ਸੰਵਿਧਾਨਿਕ ਅਤੇ ਲੋਕ ਤਾਂਤਰਿਕ ਸਾਧਨਾਂ ਦੇ ਰਾਹੀਂ ਸੰਘਰਸ਼ ਕਰਨ ਅਤੇ ਟੀਚਾ ਹਾਸਲ ਕਰਨ ਤੱਕ ਚੁੱਪ ਨਾ ਬੈਠਣ ਦਾ ਸਮਾਂ ਆ ਗਿਆ ਹੈ।’ ਸੰਮੇਲਨ ਵਿੱਚ ਸਮਾਜ ਦੇ ਵੱਖ-ਵੱਖ ਤਬਕਿਆਂ ਦੇ ਪ੍ਰਤੀਨਿਧੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਦਲਿਤਾਂ ਅਤੇ ਘਟ ਗਿਣਤੀਆਂ’ ਦੇ ‘ਘੱਟ ਪ੍ਰਤੀਨਿਧਿਤਵ’ ਉਪਰ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਾਨੂੰਨ ਦੇ ਰਾਹੀਂ ਨਿਜੀ ਖੇਤਰ ਵਿੱਚ ਰਾਖਵਾਂਕਰਨ ਅਤੇ ਨਿਆਂਪਾਲਿਕਾ ਵਿੱਚ ਕੋਟੇ ਦੀ ਮੰਗ ਕੀਤੀ।


Home | Main news | Contact us
All rights reserved with KUKSAMACHAR