info@kuksamachar.com Fortnightly Issue No. 116 New Zealand 16 July 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 

ਸੰਪਾਦਕੀ

ਪੁਲਿਸ ਕਰਦੀ ਰਹੀ ਇੰਤਜ਼ਾਰ ਪਰ ਕਮਿਊਨਿਟੀ ਲੀਡਰ ਨਾ ਪੁੱਜੇ

ਸਮੇਂ ਸਿਰ ਕਿਧਰੇ ਨਾ ਪਹੁੰਚਣਾ ਸਾਡੇ ਭਾਰਤੀ ਸਿਸਟਮ ਦਾ ਹਿੱਸਾ ਬਣ ਗਿਆ ਹੈ ਭਾਵੇਂ ਅਸੀਂ ਭਾਰਤੀ ਕਈ ਦਹਾਕਿਆਂ ਤੋਂ ਵਿਦੇਸ਼ਾਂ ਵਿੱਚ ਵੀ ਜਾ ਵਸੇ ਹਾਂ ਪਰ ਸਾਡੀਆਂ ਆਦਤਾਂ ਨਹੀਂ ਬਦਲੀਆਂ। ਵਾਅਦਾ ਕਰਕੇ ਨਾ ਪੁੱਜਣਾ ਸਾਡੀ ਆਦਤ ਹੈ। ਅਜਿਹਾ ਹੀ ਨਜ਼ਾਰਾ ਉਸ ਵਕਤ ਵੇਖਣ ਨੂੰ ਮਿਲਿਆ ਜਦੋਂ ਨਿਊਜ਼ੀਲੈਂਡ ਪੁਲੀਸ ਦੇ ਮਹਿਕਮੇ ਨੇ ਇਕ ਪੰਜਾਬੀ ਨੌਜਵਾਨ ਨਵਤੇਜ ਸਿੰਘ ਦੇ ਪਿਛਲੇ ਮਹੀਨੇ ਹੋਏ ਕਤਲ ਤੋਂ ਬਾਅਦ ਭਾਰਤੀ ਕਮਿਊਨਿਟੀ ਦੇ ਲੀਡਰਾਂ ਨਾਲ ਮੀਟਿੰਗਾਂ ਸੱਦੀਆਂ ਜਿਸ ਵਿੱਚੋਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਸੰਸਥਾਂਵਾਂ ਦੇ ਨੁਮਾਇੰਦੇ ਗੈਰ-ਹਾਜ਼ਿਰ ਰਹੇ।
ਪਰਵਾਸੀ ਭਾਰਤੀ ਨਵੇਤਜ ਸਿੰਘ ਦੀ ਹੱਤਿਆ ਤੋਂ ਬਾਅਦ ਭਾਰਤੀ ਸੰਸਥਾਵਾਂ ਨੇ ਹਰ ਵਾਰ ਦੀ ਤਰ੍ਹਾਂ ਪੁਲਿਸ ਦੀ ਸ਼ਾਮਤ ਲਈ ਅਤੇ ਨਿਊਜ਼ੀਲੈਂਡ ਦੇ ਜਸਟਿਸ ਸਿਸਟਮ ਤੇ ਗੁੱਸਾ ਕੱਢਿਆ। ਮੀਡੀਆ ਵਿੱਚ ਕਮਿਊਨਿਟੀ ਲੀਡਰਾਂ ਨੇ ਬਹੁਤ ਗੰਭੀਰਤਾ ਵਿਖਾਈ। ਇਸ ਹਾਦਸੇ ਤੋਂ ਬਾਅਦ ਪੁਲਿਸ ਨਾਲ ਕਈ ਤਰ੍ਹਾਂ ਦੀਆਂ ਮੀਟਿੰਗਾਂ ਵੀ ਕਮਿਊਨਿਟੀ ਲੀਡਰਾਂ ਵੱਲੋਂ ਹੋਈਆਂ। ਵਾਰ-ਵਾਰ ਪੁਲੀਸ ਵੱਲੋਂ ਭਾਰਤੀ ਕਮਿਊਨਿਟੀ ਨਾਲ ਮਿਲ ਕੇ ਕੰਮ ਕਰਣ ਲਈ ਅਤੇ ਉਨ੍ਹਾਂ ਦੀਆਂ ਸ਼ਕਾਇਤਾਂ ਸੁਣਨ ਤੇ ਪੁਲੀਸ ਵੱਲੋਂ ਆਪਣੀ ਸਫਾਈ ਪੇਸ਼ ਕਰਨ ਲਈ ਆਕਲੈਂਡ ਦੇ ਮੈਨੇਕਾਊ ਕਾਊਂਟੀ ਦੇ ਪੁਲੀਸ ਹੈੱਡ ਕਵਾਰਟਰ ਹੈਰਿਕ ਹਾਊਸ ਉਟਾਹੁਹੂ ਵਿਖੇ ਮੀਟਿੰਗ ਰੱਖੀ ਗਈ। ਜਿਸ ਦੀ ਪਹਿਲੀ ਹੀ ਮੀਟਿੰਗ ਵਿੱਚ ਭਾਰਤੀ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਪੁਲਿਸ ਦੀ ਦੂਜੀ ਹੀ ਮੀਟਿੰਗ ਵਿੱਚ ਇਨ੍ਹਾਂ ਸੰਸਥਾਵਾਂ ਦਾ ਜੋਸ਼ ਠੰਡਾ ਹੋ ਗਿਆ ਅਤੇ ਇਸ ਮੀਟਿੰਗ ਵਿੱਚ ਹਿੰਦੂ ਸੰਸਥਾਵਾਂ ਦੇ ਕੁਝ ਨੁਮਾਇੰਦੇ ਤਾਂ ਆਏ ਪਰ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਗਿਣੇ ਚੁਣੇ ਹੀ ਆਏ। ਤੀਜੀ ਮੀਟਿੰਗ ਜੋ 10 ਜੁਲਾਈ ਨੂੰ ਰੱਖੀ ਗਈ ਜਿਸ ਵਿੱਚ ਸਿਰਫ ਸਿੱਖ ਸੰਸਥਾਵਾਂ ਦੇ ਨਾ-ਮਾਤਰ ਨੁਮਾਇੰਦੇ ਹੀ ਪੁੱਜੇ।
ਅਜਿਹਾ ਪਹਿਲੀ ਵਾਰ ਨਹੀਂ ਵਾਪਰਿਆ ਜਦ ਬੱਗੂ ਭਾਈ ਭਗੇਲਾ ਦੀ ਹੱਤਿਆ ਤੋਂ ਬਾਅਦ ਮਹਾਤਮਾ ਗਾਂਧੀ ਸੈਂਟਰ ਵਿੱਚ ਇਕ ਬਹੁਤ ਵੱਡੀ ਸਭਾ ਰੱਖੀ ਗਈ ਸੀ ਜਿਸ ਵਿੱਚ ਕਈ ਭਾਰਤੀ ਸੰਸਥਾਵਾਂ, ਮਨਿਸਟਰਾਂ ਅਤੇ ਪੁਲੀਸ ਅਧਿਕਾਰੀ ਪੁੱਜੇ ਅਤੇ ਉਥੇ ਬਾਅਦ ਵਿੱਚ ਫੈਸਲਾ ਲਿਆ ਗਿਆ ਕਿ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਕ ਕਮੇਟੀ ਬਣਾਈ ਜਾਵੇ ਜੋ ਪੁਲਿਸ ਨਾਲ ਨੇੜ੍ਹਤਾ ਰੱਖ ਕੇ ਕੰਮ ਕਰੇਗੀ। ਕਮੇਟੀ ਤਾਂ ਬਣੀ ਪਰ ਇਕ-ਅੱਧੀੋ ਮੀਟਿੰਗ ਬਾਅਦ ਤਿਤਰ-ਬਿਤਰ ਹੋ ਗਈ। ਉਹ ਹੀ ਗੱਲ ਦੁਬਾਰਾ ਦੁਹਰਾਈ ਗਈ ਜਦੋਂ ਨੌਜਵਾਨ ਕ੍ਰਿਸ਼ਨਾ ਨਾਇਡੂ ਦੀ ਹੱਤਿਆ ਹੋਈ। ਹੱਤਿਆਂ ਤੋਂ ਬਾਅਦ ਇੰਡੀਆਂ ਭਵਨ ਵਿਖੇ ਪੁਲਿਸ ਮਨਿਸਟਰ, ਕਈ ਮੰਤਰੀਆਂ ਅਤੇ ਕਮਿਊਨਿਟੀ ਦੀਆਂ ਉੱਘੀਆਂ ਸੰਸਥਾਵਾਂ ਨੇ ਪਹਿਲੇ ਵਾਂਗ ਗੰਭੀਰਤਾ ਵਿਖਾਈ ਪਰ ਉਸ ਦਾ ਵੀ ਨਤੀਜਾ ਕੁੱਝ ਖਾਸ ਨਾ ਨਿਕਲ ਸਕਿਆ ਅਤੇ ਕ੍ਰਿਸ਼ਨਾ ਦੀ ਹੱਤਿਆ ਨੂੰ ਕੁੱਝ ਮਹੀਨੇ ਵੀ ਨਹੀਂ ਬੀਤੇ ਸੀ ਕਿ ਨਵਤੇਜ ਸਿੰਘ ਵਾਲਾ ਹਾਦਸਾ ਵਾਪਰ ਗਿਆ। ਸਾਰਾ ਕੁੱਝ ਉਸੇ ਤਰ੍ਹਾਂ ਹੀ ਹੋਇਆ ਜੋ ਪਹਿਲੇ ਭਾਰਤੀਆਂ ਦੀਆਂ ਹੱਤਿਆਵਾਂ ਤੋਂ ਬਾਅਦ ਹੋਇਆ। ਮੇਨ ਸਟਰੀਮ ਮੀਡੀਆ ਨੇ ਨਵਤੇਜ ਸਿੰਘ ਦੇ ਕੇਸ ਨੂੰ ਬਹੁਤ ਹੀ ਸੰਜੀਦਗੀ ਨਾਲ ਲਿਆ ਜਿਵੇਂ ਕਿ ਸਭ ਜਾਣਦੇ ਹਨ ਕਿ ਪੁਲੀਸ ਹਾਦਸੇ ਵਾਲੀ ਜਗ੍ਹਾਂ ਤੇ ਦੇਰ ਨਾਲ ਪੁੱਜੀ ਅਤੇ ਐਂਬੁਲੈਂਸ ਉਸ ਤੋਂ ਵੀ ਵੱਧ ਸਮਾਂ ਲੈ ਗਈ। ਇਸ ਸਭ ਕਾਰਵਾਈ ਦੀ ਪੁਲੀਸ ਮਹਿਕਮੇ ਵਿੱਚ ਤਫਤੀਸ਼ ਚੱਲ ਰਹੀ ਹੈ ਅਤੇ ਉਸ ਦੀ ਜਾਣਕਾਰੀ ਵੀ ਪਾਠਕਾਂ ਤੱਕ ਪਹੁੰਚਾ ਦਿੱਤੀ ਜਾਵੇਗੀ। ਪੁਲੀਸ ਨੇ ਹਾਦਸੇ ਤੋਂ ਬਾਅਦ ਤੇਜ਼ੀ ਵਿਖਾਉਂਦਿਆਂ ਹੋਇਆਂ ਨਵਤੇਜ ਸਿੰਘ ਦੇ ਕਾਤਲਾਂ ਨੂੰ ਫੜ੍ਹ ਲਿਆ। ਹੁਣ ਸਭ ਦੀਆਂ ਨਜ਼ਰਾਂ ਨਿਊਜ਼ੀਲੈਂਡ ਦੇ ਜਸਟਿਸ ਸਿਸਟਮ ’ਤੇ ਟਿੱਕੀਆਂ ਹੋਈਆਂ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ ਸਾਡੀਆਂ ਕਹਿੰਦੀਆਂ ਕਹਾਉਂਦੀਆਂ ਅਤੇ ਨੁਮਾਇੰਦੀ ਕਰਨ ਵਾਲੀਆਂ ਸੰਸਥਾਵਾਂ ਦੇ ਲੀਡਰ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਪਰ ਸਮਾਂ ਪੈਣ ਤੋਂ ਬਾਅਦ ਉਹ ਵਿਚਾਰਾਂ ਦੇ ਮੇਲ ਨਾ ਹੋਣ ਕਰਕੇ ਆਪਣੇ ਰਾਹ ਵੱਖਰੇ ਕਰ ਲੈਦੇ ਹਨ। ਜਦੋਂ ਹਾਦਸਾ ਤਾਜ਼ਾ ਹੁੰਦਾ ਹੈ ਤਾਂ ਹਰ ਕੋਈ ਆਪਣਾ ਹੱਕ ਜਤਾਉਂਦਾ ਵਿਖਦਾ ਹੈ ਤੇ ਬਾਅਦ ਹਾਦਸਿਆਂ ’ਤੇ ਵਕਤ ਦੀ ਧੂੜ ਪੈਣ ਕਾਰਣ ਸਭ ਭੁੱਲ ਜਾਂਦੇ ਹਨ। ਇਸ ਨਾਲ ਇਹ ਜਾਪਦਾ ਹੈ ਕਿ ਉਹ ਉਸ ਵੇਲੇ ਆਪਣੀ ਸੰਸਥਾ ਲਈ ਵਾਹ-ਵਾਹੀ ਖੱਟਣ ਦਾ ਹੀ ਕੰਮ ਕਰਦੇ ਹਨ ਨਾ ਕਿ ਪੀੜ੍ਹਿਤ ਅਤੇ ਭਾਈਚਾਰੇ ਦੇ ਭਵਿੱਖ ਬਾਰੇ ਸੰਜੀਦਗੀ ਨਾਲ ਸੋਚ ਵਿਚਾਰ ਕਰਦੇ ਹਨ।
ਪੁਲਿਸ ਦੀ ਪਿਛਲੀ ਮੀਟਿੰਗ ਵਿੱਚ ਪੁਲਿਸ ਵਿਭਾਗ ਨੇ ਭਾਰਤੀਆਂ ਲਈ ਬਹੁਤ ਸਾਰੀਆਂ ਜਾਣਕਾਰੀਆਂ ਦਾ ਇੰਤਜ਼ਾਮ ਕੀਤਾ ਸੀ। ਇਸ ਵਿੱਚ ਪੁਲਿਸ ਦੇ ਆਹਲਾ ਦਰਜੇ ਦੇ ਅਧਿਕਾਰੀਆਂ ਤੋਂ ਇਲਾਵਾ ਕ੍ਰਾਈਮ ਵਾਚ ਪੈਟਰੋਲ, ਫੈਡਰੇਸ਼ਨ ਆਫ ਐਥਨਿਕ ਕਾਊਂਸਲ ਵਲਿੰਗਟਨ, ਮਾਉਰੀ ਵਾਰਡਨ ਦੇ 3 ਮੈਂਬਰ, ਰੋਟਰੀ ਕਲੱਬ ਤੋਂ 2 ਮੈਂਬਰ, ਭਾਰਤੀਆਂ ਵਿੱਚ ਕੇਵਲ ਸਿੱਖ ਕਾਊਂਸਲ ਤੋਂ ਵਰਪਾਲ ਸਿੰਘ, ਗੁਰਦੁਆਰਾ ਸਿੰਘ ਸਭਾ ਤੋਂ ਹਰਨੇਕ ਸਿੰਘ, ਬਲਦੇਵ ਸਿੰਘ, ਮੈਂਗਰੀ ਬ੍ਰਿਜ ਤੋਂ ਅੱਪਤਰ ਸਿੰਘ ਅਤੇ ਕੂਕ ਸਮਾਚਾਰ ਦੇ ਰਿਪੋਰਟਰ ਤੋਂ ਇਲਾਵਾ ਉਥੇ ਕੋਈ ਨਹੀਂ ਪੁੱਜਾ। ਇਸ ਮੌਕੇ ਪੁਲੀਸ ਨੇ ਨਵਤੇਜ ਦੀ ਪਤਨੀ ਨੂੰ ਦਿੱਤੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਲੈਣੀ ਚਾਹੀ ਪਰ ‘ਨਿਊਜ਼ੀਲੈਂਡ ਸਿੱਖ ਸੁਸਾਇਟੀ’ ਦਾ ਕੋਈ ਵੀ ਮੈਂਬਰ ਨਾ ਮੌਜੂਦ ਹੋਣ ਕਰ ਕੇ ਪੁਲਿਸ ਨੂੰ ਕੋਈ ਜਵਾਬ ਨਾ ਮਿਲ ਸਕਿਆ। ਯਾਦ ਰਹੇ ਨਵਤੇਜ ਸਿੰਘ ਦੀ ਹੱਤਿਆ ਤੋ ਬਾਅਦ ਨਿਊਜ਼ੀਲੈਂਡ ਸਿੱਖ ਸੁਸਾਇਟੀ ਦੇ ਮੈਂਬਰਾਂ ਨੇ ਨਵਤੇਜ ਦੇ ਪਰਿਵਾਰ ਲਈ ਇਕ ਡੋਨੈਸ਼ਨ ਅਕਾਊਂਟ ਖੋਲਿਆ ਸੀ। ਪੁਲਿਸ ਨਵਤੇਜ ਦੀ ਪਤਨੀ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੁਵਿਧਾਵਾਂ ਦਾ ਵੇਰਵਾ ਚਾਹੁੰਦੀ ਹੈ। ਕੂਕ ਸਮਾਚਾਰ ਵਲੋਂ ਨਿਊਜ਼ੀਲੈਂਡ ਸਿੱਖ ਸੁਸਾਇਟੀ ਦੇ ਪੁਲਿਸ ਮੀਟਿੰਗ ਵਿੱਚ ਨਾ ਪੁੱਜਣ ਦੀ ਵਜ੍ਹਾ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਅੱਗੇ ਤੋਂ ਉਹ ਇਸ ਗੱਲ ਦਾ ਧਿਆਨ ਰੱਖਣਗੇ। ਇਹ ਤਾਂ ਇਕ ਸੰਸਥਾ ਦੀ ਗੱਲ ਹੋਈ ਪਰ ਜੋ ਪਹਿਲੀ ਮੀਟਿੰਗ ਵਿੱਚ ਹੋਰ ਭਾਰਤੀ ਸੰਸਥਾਵਾਂ ਮੌਜੂਦ ਸਨ ਹੁਣ ਸਭ ਗਾਇਬ ਹਨ। ਉਮੀਦ ਕੀਤੀ ਜਾਂਦੀ ਹੈ ਕਿ ਵੱਧ ਰਹੇ ਕ੍ਰਾਈਮ ਨੂੰ ਰੋਕਣ ਲਈ ਭਾਰਤੀ ਸੰਸਥਾਵਾਂ ਦੇ ਲੀਡਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਸਰਕਾਰੀ ਨੁਮਾਇੰਦਿਆਂ ਨਾਲ ਮਿਲ ਕੇ ਕੰਮ ਕਰਣ ਦੀ ਲੋੜ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਉਹ ਆਪਸ ਵਿੱਚ ਹੀ ਇੱਕਠੇ ਨਹੀਂ ਹਨ। ਸਾਨੂੰ ਸਾਰਿਆਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਵੱਧ ਰਹੇ ਕ੍ਰਾਈਮ ਅਤੇ ਕਮਿਊਨਿਟੀ ਨਾਲ ਵਾਪਰਨ ਵਾਲੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਨਿਊਜ਼ੀਲੈਂਡ ਸਰਕਾਰ ਤੇ ਪੁਲਿਸ ਮਹਿਕਮੇ ਨੂੰ ਭਰੋਸਾ ਦੁਆਇਆਂ ਜਾਵੇ ਕਿ ਸਾਡੀਆਂ ਸਾਰੀਆਂ ਸੰਸਥਾਵਾਂ ਇਕ ਜੁੱਟ ਹਨ ਅਤੇ ਮਸਲਿਆਂ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।

-ਅਮਰਜੀਤ ਸਿੰਘ, ਰੈਜ਼ੀਡੈਂਟ ਐਡੀਟਰ (ਇੰਡੀਆ)

amarjitsaini@yahoo.com

 
Home | Main news | Contact us
All rights reserved with KUKSAMACHAR