info@kuksamachar.com Fortnightly Issue No. 116 New Zealand 16 July 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 

ਖੇਡਾਂ
ਖੇਡਾਂ ਨੂੰ ਹੇਠਲੇ ਪੱਧਰ ਤੋਂ ਉਪਰ ਚੁੱਕਣ ਦੀ ਲੋੜ ਹੈ - ਗਿੱਲ
 
ਨਵੀਂ ਦਿੱਲੀ - ਇਥੇ ਦੇ ਵਿਗਿਆਨ ਭਵਨ ਵਿੱਚ 9 ਜੁਲਾਈ ਦਿਨ ਬੁੱਧਵਾਰ ਨੂੰ ‘ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀਆਂ’ ਨਾਂ ਦੇ ਸੰਮੇਲਨ ਵਿੱਚ ਖੇਡ ਰਾਜ ਮੰਤਰੀ ਮਨੋਹਰ ਸਿੰਘ ਗਿੱਲ ਨੇ ਦੇਸ਼ ਦੇ ਸਾਰੇ ਸੂਬਿਆਂ ਦੇ ਖੇਡ ਮੰਤਰੀਆਂ ਪਾਸੋਂ ਦਰਪੇਸ਼ ਆਉਂਦੀਆਂ ਸਮਸਿਆਵਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ ਕਿ ਖੇਡਾਂ ਨੂੰ ਹੇਠਲੇ ਪੱਧਰ ਤੋਂ ਹੀ ਉਪਰ ਚੁੱਕਣ ਦੀ ਲੋੜ ਹੈ ਅਤੇ ਕਿਹਾ ਕਿ ਕੇਂਦਰ ਇਸ ਲਈ ਸਾਰੇ ਰਾਜਾਂ ਨੂੰ ਵਿੱਤੀ ਸਹਾਇਤਾ ਦੇਵੇਗਾ।
ਉਨ੍ਹਾਂ ਸਾਰੇ ਰਾਜਾਂ ਦੇ ਖੇਡ ਮੰਤਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਪੰਚਾਇਤ ਪੱਧਰ ’ਤੇ ਖੇਡਾਂ ਦਾ ਮੁੱਢਲਾ ਢਾਂਚਾ ਬਨਾਉਣ ਦੇ ਯਤਨ ਕੀਤੇ ਜਾਣ।ਉਨ੍ਹਾਂ ਵਿਸ਼ਵਾਸ ਦੁਆਇਆ ਕਿ ਕੇਂਦਰ ਸਰਕਾਰ ਵੱਲੋਂ ਇਸ ਲਈ ਹਰੇਕ ਪੰਚਾਇਤ ਨੂੰ ਗਰਾਂਟ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸ੍ਰੀ ਗਿੱਲ ਨੇ ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਵੱਖ-ਵੱਖ ਪਹਿਲੂਆਂ ਦੀ ਵੀ ਜਾਣਕਾਰੀ ਦਿੱਤੀ। ਜਿਸ ਵਿੱਚ ਪੈਂਸ਼ਨ ਵਧਾਉਣ ਅਤੇ ਸਰਵੋਤਮ ਖਿਡਾਰੀਆਂ ਨੂੰ ਹੋਰ ਲਾਭ ਦੇਣ ਵਰਗੀਆਂ ਸੁਵਿਧਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੰਮੇਲਨ ਵਿੱਚ ਸਾਰੇ ਰਾਜਾਂ ਦੇ ਮੰਤਰੀਆਂ ਅਤੇ ਵੱਡੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਸੰਮੇਲਨ ਦੇ ਦੌਰਾਨ ਹੋਏ ਚਾਹ-ਪਾਣੀ ਵੇਲੇ ਖੇਡ ਮੰਤਰੀ ਐਮ.ਐਸ. ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਲੰਪਿਕ ਖੇਡਾਂ ਬਾਰੇ ਕਿਹਾ ਕਿ ਔਰਤਾਂ ਦੀ 400 ਮੀਟਰ ਰਿਲੇਅ ਦੌੜ ਅਤੇ ਨਿਸ਼ਾਨੇਬਾਜ਼ੀ ਵਿੱਚ ਭਾਰਤ ਨੂੰ ਕੋਈ ਤਮਗਾ ਮਿਲਣ ਦੀ ਆਸ ਹੈ। ਖੇਡ ਪੁਰਸਕਾਰਾਂ ਵਿੱਚ ਕਿਸੇ ਤਰ੍ਹਾਂ ਦੇ ਪੱਖਪਾਤ ਤੋਂ ਬਚਣ ਲਈ ਉਨ੍ਹਾਂ ਵਾਅਦਾ ਕੀਤਾ ਕਿ ਪੁਰਸਕਾਰਾਂ ਲਈ ਚੋਣ ਵਾਸਤੇ ਕੋਈ ਨਿਰਪੱਖ ਕਮੇਟੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਫੁਟਬਾਲ ਵਿੱਚ ਡੂੰਘੀ ਰੂਚੀ ਦਿਖਾਉਂਦਿਆਂ ਖੇਡ ਮੰਤਰੀ ਨੇ ਇਹ ਖੁਲਾਸਾ ਵੀ ਕੀਤਾ ਕਿ ਉਹ ਯੂਰਪ ਦੀ ਚੋਟੀ ਦੀ ਫੁਟਬਾਲ ਟੀਮ ਰਿਆਲ ਮੈਡਰਿਡ ਨੂੰ ਵੀ ਭਾਰਤ ਸੱਦਣ ਦੇ ਚਾਹਵਾਨ ਹਨ।
ਕ੍ਰਿਕਟ ਬਾਰੇ ਬੋਲਦਿਆਂ ਗਿੱਲ ਨੇ ਕਿਹਾ, ‘ਇਹ ਸਾਡੇ ਮੁਲਕ ਵਿੱਚ ਆਮ ਲੋਕਾਂ ਦੀ ਖੇਡ ਨਹੀਂ ਹੈ। ਹਰੇਕ ਕੋਈ ਸਚਿਨ ਤੇਂਦੂਲਕਰ ਅਤੇ ਮਹਿੰਦਰ ਸਿੰਘ ਧੋਨੀ ਨਹੀਂ ਬਣ ਸਕਦਾ। ਇਸ ਲਈ ਕਿਸਮਤ ਦੀ ਲੋੜ ਪੈਂਦੀ ਹੈ। ਸਾਡੇ ਮੁਲਕ ਨੂੰ ਫੁਟਬਾਲ ਵਰਗੀ ਖੇਡ ਅਪਣਾਉਣੀ ਚਾਹੀਦੀ ਹੈ।’ ਉਂਜ ਉਨ੍ਹਾਂ ਮੰਨਿਆਂ ਕਿ ਭਾਰਤ ਵਿੱਚ ਆਮ ਖੇਡਾਂ ਉਤੇ ਕ੍ਰਿਕਟ ਨੇ ਪਰਛਾਵਾਂ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਪਰ ਇਹ ਪਰਛਾਵਾਂ ਛੇਤੀ ਹੀ ਹਟ ਜਾਵੇਗਾ। ਹੁਣ ਟਵੰਟੀ-20 ਕ੍ਰਿਕਟ ਆ ਗਈ ਹੈ। ਕੁਝ ਦਿਨਾਂ ਤੱਕ 10 ਓਵਰਾਂ, ਪੰਜ ਓਵਰਾਂ ਅਤੇ ਫੇਰ ਇਹ ਇਕ ਓਵਰ ਦੀ ਖੇਡ ਬਣ ਕੇ ਰਹਿ ਜਾਵੇਗੀ ਅਤੇ ਲੋਕ ਇਸ ਨੂੰ ਭੁੱਲ ਜਾਣਗੇ।’
ਉਨ੍ਹਾਂ ਕਿਹਾ ਕਿ ਲੰਡਨ ਵਿੱਚ ਰੋਜਰ ਫੈਡਰਰ ਅਤੇ ਰਫੇਲ ਨਡਾਲ ਦਰਮਿਆਨ ਵਿੰਬਲਡਨ ਦਾ ਫਾਈਨਲ ਬੜਾ ਹੀ ਰੋਮਾਂਚਕ ਅਤੇ ਸ਼ਾਨਦਾਰ ਮੈਚ ਸੀ। ਫੈਡਰਰ ਲਾਜਵਾਬ ਖਿਡਾਰੀ ਹੈ ਪਰ ਇਸ ਵਾਰ ਨਡਾਲ ਨੇ ਜਿੱਤਣਾ ਸੀ। ਉਨ੍ਹਾਂ ਪੇਸ ਦਾ ਡਬਲਜ਼ ਮੈਚ ਵੀ ਦੇਖਿਆ।’ ਉਲੰਪਿਕ ਵਿੱਚ ਭਾਰਤ ਨੂੰ ਮਹਿਜ਼ ਗਿਣਤੀ ਵਧਾਉਣ ਵਾਲਾ ਮੁਲਕ ਕਰਾਰ ਦੇਣ ਵਾਲੇ ਗਿੱਲ ਨੇ ਅਗਲੇ ਮਹੀਨੇ ਪੇਈਚਿੰਗ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਔਰਤਾਂ ਦੀ 400 ਮੀਟਰ ਰਿਲੇਅ ਦੌੜ ਅਤੇ ਨਿਸ਼ਾਨੇਬਾਜ਼ਾਂ ਤੋਂ ਕ੍ਰਿਸ਼ਮੇ ਦੀ ਉਮੀਦ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਹੁਣ ਤੱਕ ਅਸੀਂ ਮੁੱਖ ਤੌਰ ’ਤੇ ਗਿਣਤੀ ਵਧਾਉਣ ਲਈ ਹੀ ਉਲੰਪਿਕ ’ਚ ਗਏ। ਇਹ ਤਾਂ ਸਾਨੂੰ ਮੰਨਣਾ ਹੀ ਪਵੇਗਾ ਕਿ ਸਾਡੀ ਖੇਡ ਦਾ ਮਿਆਰ ਉਲੰਪਿਕ ਵਾਲਾ ਨਹੀਂ ਸੀ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਤਮਗੇ ਦੀ ਉਮੀਦ ਛੱਡ ਦੇਈਏ? ਉਨ੍ਹਾਂ ਨਾਲ ਹੀ ਫੁਟਬਾਲ, ਹਾਕੀ, ਬਾਸਕਟਬਾਲ ਅਤੇ ਵਾਲੀਬਾਲ ਵਰਗੀਆਂ ਖੇਡਾਂ ਨੂੰ ਹੱਲਾਸ਼ੇਰੀ ਦਿੱਤੇ ਜਾਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਅਥਲੈਟਿਕਸ ਵਿੱਚ ਤਾਂ ਸਿਰਫ ਦੌੜਨਾ ਪੈਂਦਾ ਹੈ ਪਰ ਅਸੀਂ ਉਸ ਵਿੱਚ ਵੀ ਪਿੱਛੇ ਹਾਂ। ਜੇ ਅਮਰੀਕਾ ਨੂੰ ਕੀਨੀਆ ਤੇ ਦੂਜੇ ਅਫਰੀਕੀ ਮੁਲਕ ਦੌੜਾਂ ਵਿੱਚ ਪਛਾੜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ। ਖੇਡ ਪੁਰਸਕਾਰ ਬਾਰੇ ਬੋਲਦਿਆਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਹਾਲੇ ਵੱਖ-ਵੱਖ ਖੇਡ ਫੈਡਰੇਸ਼ਨਾਂ ਵੱਲੋਂ ਖਿਡਾਰੀ ਨਾਮਜ਼ਦ ਕੀਤੇ ਜਾ ਰਹੇ ਹਨ ਪਰ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਹੀ ਦਾਅਵੇਦਾਰਾਂ ਨੂੰ ਹੀ ਪੁਰਸਕਾਰ ਮਿਲਣਗੇ। ਉਨ੍ਹਾਂ ਮੰਨਿਆ ਕਿ ਹੁਣ ਤੱਕ ਲਗਾਤਾਰ ਪੁਰਸਕਾਰਾਂ ਸਬੰਧੀ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਦੇਸ਼ ਨੂੰ ਖੇਡਾਂ ਵਿੱਚ ਉਪਰ ਦੇਖਣਾ ਚਾਹੁੰਦੇ ਹਾਂ। ਸਾਡੀ ਪਹਿਲ ਖੇਡਾਂ ਨੂੰ ਅੱਗੇ ਵਧਾਉਣ ਦੀ ਹੋਣੀ ਚਾਹੀਦੀ ਹੈ।

ਨਡਾਲ ਨੇ ਪਹਿਲੀ ਵਾਰ ਵਿੰਬਲਡਨ ਖਿਤਾਬ ਉਪਰ ਕਬਜ਼ਾ ਕੀਤਾ
ਲੰਡਨ - ਸਪੇਨ ਦੇ 22 ਸਾਲਾ ਨੌਜਵਾਨ ਰਾਫੇਲ ਨਡਾਲ ਨੇ ਆਪਣਾ ਪਹਿਲਾ ਵਿੰਬਲਡਨ ਟੈਨਿਸ ਖਿਤਾਬ ਜਿੱਤਣ ਦੇ ਨਾਲ ਹੀ ਰੋਜਰ ਫੈਡਰਰ ਦੀ ਪੰਜ ਸਾਲ ਤੋਂ ਚਲੀ ਆ ਰਹੀ ਬਾਦਸ਼ਾਹਤ ਨੂੰ ਖਤਮ ਕਰ ਦਿੱਤਾ। ਚਾਰ ਘੰਟੇ ਅਤੇ 48 ਮਿੰਟਾਂ ਤੱਕ ਚੱਲੇ ਜ਼ਬਰਦਸਤ ਰੋਮਾਂਚਕ ਫਾਈਨਲ ਵਿੱਚ ਨਡਾਲ ਨੇ ਫੈਡਰਰ ਨੂੰ 6-4, 6-4, 6-7, 6-7, 9-7 ਨਾਲ ਹਰਾ ਦਿੱਤਾ ਅਤੇ ਖਿਤਾਬ ਉਪਰ ਕਬਜ਼ਾ ਕੀਤਾ। ਫਾਈਨਲ ਮੁਕਾਬਲੇ ਦੌਰਾਨ ਮੀਂਹ ਦੇ ਕਾਰਣ ਆਈਆਂ ਦੋ ਰੁਕਾਵਟਾਂ ਅਤੇ ਵਿਰੋਧੀ ਦੇ ਜ਼ੋਰਦਾਰ ਸੰਘਰਸ਼ ਤੋਂ ਬਾਅਦ ਨਡਾਲ ਵਿੰਬਲਡਨ ਵਿੱਚ ਮਰਦ ਸਿੰਗਲਸ ਖਿਤਾਬ ਜਿੱਤਣ ਵਾਲੇ ਸਪੇਨ ਦੇ ਦੂਜੇ ਖਿਡਾਰੀ ਬਣ ਗਏ ਹਨ। ਸਪੇਨ ਦੇ ਲਈ ਮੈਨੂਅਲ ਸੰਤਾਨਾ ਨੇ 1966 ਵਿੱਚ ਨਡਾਲ ਤੋਂ ਪਹਿਲੇ ਵਿੰਬਲਡਨ ਵਿੱਚ ਮਰਦ ਸਿੰਗਲਸ ਖਿਤਾਬ ਜਿੱਤਿਆ ਸੀ।
ਫੈਡਰਰ ਦਾ ਬਿਓਰਨ ਬੋਰਗ ਨੂੰ ਪਿੱਛੇ ਛੱਡ ਕੇ ਲਗਾਤਾਰ 6 ਵਿੰਬਲਡਨ ਖਿਤਾਬ ਜਿੱਤਣ ਦਾ ਸੁਪਨਾ ਮਿੱਟੀ ਹੋ ਗਿਆ। ਆਪਣੇ ਪਹਿਲੇ ਗ੍ਰਾਸ ਕੋਰਟ ਗ੍ਰੈਂਡ ਸਲੈਮ ਖਿਤਾਬ ਦੇ ਲਈ ਨਡਾਲ ਜਦੋਂ ਉਤਰੇ ਤਦੋਂ ਅਸਮਾਨ ਬਾਦਲਾਂ ਨਾਲ ਭਰਿਆ ਹੋਇਆ ਸੀ। ਨਡਾਲ ਨੇ ਜਿਵੇਂ ਹੀ ਇਹ ਖਿਤਾਬ ਜਿੱਤਿਆ ਤਾਂ ਸਟੈਂਡਸ ਵਿੱਚ ਉਨ੍ਹਾਂ ਦੇ ਪਰਿਵਾਰ, ਮਿੱਤਰਾਂ ਅਤੇ ਦਰਸ਼ਕਾਂ ਸਮੇਤ ਖੁਸ਼ੀ ਦੀ ਲਹਿਰ ਦੌੜ ਗਈ। ਨਡਾਲ ਦੇ ਮੋਢਿਆਂ ਉਪਰ ਸਪੇਨ ਦਾ ਲਾਲ ਅਤੇ ਪੀਲੇ ਰੰਗ ਦਾ ਕੌਮੀ ਝੰਡਾ ਸੀ। ਨਡਾਲ ਨੇ ਰਾਇਲ ਬਾਕਸ ਵਿੱਚ ਜਾ ਕੇ ਸਪੇਨ ਦੇ ਰਾਜਕੁਮਾਰ ਫਿਲਿਪ ਅਤੇ ਰਾਜਕੁਮਾਰੀ ਲੋਤਿਜਿਆ ਨਾਲ ਹੱਥ ਮਿਲਾਇਆ ਅਤੇ ਫਿਰ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕਬੂਲ ਕੀਤਾ। 1980 ਵਿੱਚ ਬੋਰਗ ਤੋਂ ਬਾਅਦ ਹੁਣ ਨਡਾਲ ਨੇ ਹੀ ਇਕ ਹੀ ਸਾਲ ਫਰੇਂਚ ਓਪਨ ਅਤੇ ਵਿੰਬਲਡਨ ਖਿਤਾਬ ਜਿੱਤਣ ਦੀ ਉਪਲਬਧੀ ਹਾਸਲ ਕੀਤੀ। ਫੈਡਰਰ ਨੇ ਕਿਹਾ ਕਿ ਉਸ ਨੂੰ ਲਗਤਾਰ 6 ਵਿੰਬਲਡਨ ਖਿਤਾਬ ਨਾ ਜਿੱਤਣ ਦਾ ਦੁੱਖ ਹੈ।

ਆਈ. ਪੀ. ਐਲ ’ਚ ਮੈਚ ਫਿਕਸਿੰਗ ਦਾ ਖਦਸ਼ਾ - ਕੋਂਡਨ
ਮੈਲਬਰਨ - ਭਾਰਤ ਵਿਖੇ ਹਾਲ ਹੀ ਵਿੱਚ ਸਮਾਪਤ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ) ਨੇ ਭਲੇ ਹੀ ਖਿਡਾਰੀਆਂ ਅਤੇ ਪ੍ਰਸ਼ਾਸਕਾਂ ਦੇ ਲਈ ਪੈਸਿਆਂ ਦੀ ਬਰਸਾਤ ਕੀਤੀ ਹੋਵੇ ਪਰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ. ਸੀ. ਸੀ) ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਮੁੱਖੀ ਪਾਲ ਕੋਂਡਨ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ 90 ਦੇ ਦਹਾਕੇ ਦੇ ਮੈਚ ਫਿਕਸਿੰਗ ਕਾਂਡ ਤੋਂ ਬਾਅਦ ਇਹ ਕ੍ਰਿਕਟ ਲਈ ਸਭ ਤੋਂ ਵੱਡਾ ਖਤਰਾ ਵੀ ਹੈ। ਕੋਂਡਨ ਨੇ ਆਈ. ਸੀ. ਸੀ ਦੇ ਸਾਲਾਨਾ ਸੰਮੇਲਨ ਦੇ ਦੌਰਾਨ ਸੰਚਾਲਨ ਸੰਸਥਾ ਦੀ ਕਾਰਜਕਾਰੀ ਕਮੇਟੀ ਨੂੰ ਕਿਹਾ ‘ਆਈ. ਪੀ. ਐਲ ਆਪਣੇ ਨਾਲ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਖਤਰਾ ਲਿਆਇਆ ਹੈ ਜੋ ਸ਼ਾਰਜਹਾਂ ਵਿੱਚ ਕ੍ਰਿਕਟ ਦੇ ਦਿਨਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।’

ਮਿਕਸਡ ਡਬਲਸ ਦਾ ਖਿਤਾਬ ਬਾੱਬ ਬ੍ਰਾਇਨ ਔਰ ਸਟੋਸੁਰ ਝੋਲੀ ਪਿਆ
ਲੰਡਨ - ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਮਿਕਸਡ ਡਬਲਸ ਫਾਈਨਲ ਮੁਕਾਬਲੇ ਵਿੱਚ ਅਮਰੀਕਾ ਦੇ ਬਾੱਬ ਬ੍ਰਾਇਨ ਤੇ ਆਸਟਰੇਲੀਆ ਦੀ ਸਾਮੰਤਾ ਸਟੋਸੁਰ ਦੀ ਜੋੜੀ ਨੇ ਪਹਿਲਾ ਦਰਜਾ ਹਾਸਲ ਮਾਈਕ ਬ੍ਰਾਇਨ ਅਤੇ ਸਲੋਵੇਨਿਆ ਦੀ ਕੈਟਰੀਨਾ ਸ਼੍ਰੋਬਤਨਿਕ ਦੀ ਜੋੜੀ ਨੂੰ 7-5, 6-4 ਦੇ ਫਰਕ ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਬਾੱਬ ਅਤੇ ਮਾਈਕ ਜੁੜਵਾ ਭਰਾ ਹਨ ਅਤੇ ਦੋਵੇਂ ਮਰਦ ਡਬਲਸ ਵਿੱਚ ਜੋੜੀ ਬਣਾ ਕੇ ਖੇਡਦੇ ਹਨ। ਮਿਕਸਡ ਡਬਲਸ ਫਾਈਨਲ ਵਿੱਚ ਹਾਲਾਂਕਿ ਇਹ ਦੋਵੇਂ ਇਕ ਦੂਜੇ ਦੇ ਦੁਸ਼ਮਣ ਸਨ, ਜਿੱਥੇ ਜਿੱਤ ਦਾ ਸੇਹਰਾ ਬਾੱਬ ਅਤੇ ਸਟੋਸੁਰ ਦੀ ਜੋੜੀ ਦੇ ਸਿਰ ਬੰਧਿਆ।

ਦੌੜਾਕ ਸੁਰਿੰਦਰ ਸਿੰਘ ਨੂੰ ਬੀਜਿੰਗ ਉਲੰਪਿਕ ’ਚ ਦਾਖਲਾ ਮਿਲਿਆ
ਵਿਗੋ (ਸਪੇਨ) - ਅਗਸਤ ਮਹੀਨੇ ਹੋਣ ਵਾਲੇ ਬੀਜਿੰਗ ਉਲੰਪਿਕ 2008 ’ਚ ਭਾਗ ਲੈਣ ਲਈ ਭਾਰਤ ਦੇ ਲੰਮੀ ਦੂਰੀ (10 ਹਜ਼ਾਰ ਮੀਟਰ) ਦੇ ਦੌੜਾਕ ਸੁਰਿੰਦਰ ਸਿੰਘ ਨੇ ਰਾਹ ਪੱਧਰਾ ਕਰ ਲਿਆ ਹੈ। ਇਥੇ ਹੋਈ ਸਪੈਨਿਸ਼ ਉਲੰਪਿਕ ਟਰਾਇਲ ਪ੍ਰਤੀ ਯੋਗਤਾ ’ਚ ਸੁਰਿੰਦਰ ਸਿੰਘ ਨੇ ਇਕ ਮਹੀਨਾ ਪਹਿਲਾਂ ਆਪਣੇ ਹੀ ਬਣਾਏ ਕੌਮੀ ਰਿਕਾਰਡ ’ਚ ਸੁਧਾਰ ਕਰਦਿਆਂ ਹੋਇਆ 10 ਹਜ਼ਾਰ ਮੀਟਰ ਦੌੜ ’ਚ 28.02.79 ਦਾ ਸਮਾਂ ਕੱਢ ਕੇ ਚੌਥੀ ਥਾਂ ਹਾਸਿਲ ਕੀਤੀ। ਜਿਸ ਨਾਲ ਉਸ ਨੂੰ ਉਲੰਪਿਕ ਵਿੱਚ ਦਾਖਲਾ ਮਿਲ ਗਿਆ।

ਆਸਟਰੇਲੀਆਈ ਕ੍ਰਿਕਟ ਖਿਡਾਰੀਆਂ ਵੱਲੋਂ ਇਨਕਾਰ
ਸਿਡਨੀ - ਆਸਟਰੇਲੀਆ ਦੇ ਕ੍ਰਿਕਟ ਖਿਡਾਰੀਆਂ ਨੇ ਪਾਕਿਸਤਾਨ ਵਿੱਚ ਚੈਂਪੀਅਨਸ ਟਰਾਫੀ ਖੇਡਣ ਤੋਂ ਸਾਫ ਮਨ੍ਹਾਂ ਕਰ ਦਿੱਤਾ ਹੈ। ਕ੍ਰਿਕਟ ਖਿਡਾਰੀਆਂ ਨੇ ਕ੍ਰਿਕਟ ਆਸਟਰੇਲੀਆ (ਸੀਏ) ਨੂੰ ਕਿਹਾ ਹੈ ਕਿ ਉਹ ਚੈਂਪੀਅਨ ਟਰਾਫੀ ਵਿੱਚ ਹਿੱਸਾ ਲੈਣ ਦੇ ਲਈ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ। ਇਕ ਅਖ਼ਬਾਰ ਦੇ ਮੁਤਾਬਕ ਇਨ੍ਹਾਂ ਕ੍ਰਿਕਟਰਾਂ ਨੇ ਆਪਣੇ ਸਾਥੀ ਕ੍ਰਿਕਟਰਾਂ ਨੂੰ ਵੀ ਕਿਹਾ ਹੈ ਕਿ ਜੇ ਸੀਏ ਸਾਨੂੰ ਪਾਕਿਸਤਾਨ ਵਿੱਚ ਚੈਂਪੀਅਨ ਟਰਾਫੀ ਵਿੱਚ ਟੀਮ ਭੇਜਣ ਉਪਰ ਰਾਜ਼ੀ ਵੀ ਹੋ ਗਿਆ ਤਾਂ ਉਹ ਟੀਮ ਤੋਂ ਆਪਣਾ ਨਾਂ ਵਾਪਸ ਲੈ ਲੈਣਗੇ।
ਅਖ਼ਬਾਰ ਦੇ ਮੁਤਾਬਿਕ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਲਾਲ ਮਸਜਿਦ ਦੇ ਕੋਲ ਹੋਏ ਬੰਬ ਧਮਾਕਿਆਂ ਵਿੱਚ ਕਈ ਲੋਕਾਂ ਦੀ ਜਾਨਾਂ ਚਲੀਆਂ ਜਾਣ ਦੀ ਘਟਨਾ ਨਾਲ ਕ੍ਰਿਕਟਰਾਂ ਦੇ ਦਿਲ ਵਿੱਚ ਚੈਂਪੀਅਨ ਟਰਾਫੀ ਦੇ ਦੌਰਾਨ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵੱਧ ਗਈ ਹੈ।
ਇਸ ਵਿੱਚ ਦੁਬਈ ਤੋਂ ਰਾਇਰਟਸ ਦੇ ਮੁਤਾਬਕ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਸੁਰੱਖਿਆ ਕਾਰਣਾਂ ਕਰਕੇ ਇਸ ਟੂਰਨਾਮੈਂਟ ਦੀ ਆਯੋਜਨ ਥਾਂ ਬਦਲਣ ਉਪਰ ਵਿਚਾਰ ਕਰ ਰਹੀ ਹੈ। ਆਈਸੀਸੀ ਦਾ ਕਹਿਣਾ ਹੈ ਕਿ ਜੇ ਪਾਕਿਸਤਾਨ ਵਿੱਚ ਸੁਰੱਖਿਆ ਦੀ ਸਥਿਤੀ ਅਜਿਹੀ ਹੀ ਰਹੀ ਤਾਂ ਚੈਂਪੀਅਨ ਟਰਾਫੀ ਦੀ ਆਯੋਜਨ ਥਾਂ ਬਦਲੀ ਵੀ ਜਾ ਸਕਦੀ ਹੈ। ਇਸ ਉਪਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਬੋਲਦਿਆਂ ਕਿਹਾ ਹੈ ਕਿ ਜੇ ਟੂਰਨਾਮੈਂਟ ਦੀ ਥਾਂ ਬਦਲੀ ਜਾਂਦੀ ਹੈ ਤਾਂ ਉਹ ਮੁਆਵਜ਼ੇ ਯਾਨੀ ਹਰਜਾਨੇ ਦੀ ਮੰਗ ਕਰ ਸਕਦਾ ਹੈ।

ਜਰਮਨ ਹਾਕੀ ਲੀਗ ਨੇ ਸੰਦੀਪ ਸਿੰਘ ਨੂੰ ਸਰਵੋਤਮ ਖਿਡਾਰੀ ਐਲਾਨਿਆ
ਨਵੀਂ ਦਿੱਲੀ - ਜਰਮਨ ਹਾਕੀ ਲੀਗ ’ਚ ਸਭ ਤੋਂ ਵਧੇਰੇ ਗੋਲ ਕਰਨ ਵਾਲੇ ਭਾਰਤੀ ਡਰੈਗ ਫਲਿੱਕਰ ਸੰਦੀਪ ਸਿੰਘ ਨੂੰ ਜਰਮਨ ਹਾਕੀ ਲੀਗ ਦੇ ਸਾਲ 2006-07 ਦਾ ਪਲੇਅਰ ਆਫ ਦੀ ਈਅਰ ਚੁਣਿਆ ਗਿਆ ਹੈ। ਜਰਮਨ ਦੀ ਇਸ ‘ਏ’ ਡਵੀਜ਼ਨ ਲੀਗ ’ਚ ਸੰਦੀਪ ਟੀ. ਜੀ. ਫਰੈਂਕੈਟਲ ਕਲੱਬ ਵੱਲੋਂ ਖੇਡਿਆ। ਉਸ ਨੇ ਪੂਰੇ ਟੂਰਨਾਮੈਂਟ ਦੌਰਾਨ 12 ਮੈਚਾਂ ’ਚ 14 ਗੋਲ ਮਾਰੇ। ਉਸ ਨੇ ਲੀਗ ਦੇ ਪਹਿਲੇ ਪੜਾਅ ’ਚ 9 ਮੈਚਾਂ ਦੌਰਾਨ 11 ਗੋਲ ਕੀਤੇ ਤੇ ਆਖਰੀ ਦੌਰੇ ’ਚ ਤਿੰਨ ਗੋਲ ਕੀਤੇ। ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ’ਚ ਭਾਰਤ ਵੱਲੋਂ ਖੇਡਣ ਕਰਕੇ ਉਹ ਇਸ ਲੀਗ ਦੇ ਦੂਸਰੇ ਪੜਾਅ ’ਚ ਕੁਝ ਮੈਚ ਖੇਡ ਨਹੀਂ ਸਕਿਆ। ਜੇਕਰ ਉਹ ਦੂਸਰੇ ਪੜਾਅ ਦੇ ਸਾਰੇ ਮੈਚ ਖੇਡਣ ਤਾਂ ਉਸ ਦੇ ਗੋਲਾਂ ਦੀ ਗਿਣਤੀ ਹੋਰ ਵੀ ਵਧੇਰੇ ਹੋਣੀ ਸੀ। ਉਸ ਦੀ ਟੀਮ ਨੇ ਇਸ ਲੀਗ ’ਚ 22 ਅੰਕ ਹਾਸਿਲ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਅੰਕਾਂ ਦੇ ਅਧਾਰ ਉਪਰ ਉਨ੍ਹਾਂ ਨੂੰ ਫਾਲਜ਼ ਜ਼ੋਨ ਦਾ ਬੈਸਟ ਪਲੇਅਰ ਚੁਣਿਆ ਗਿਆ ਹੈ। ਜੇਕਰ ਸੰਦੀਪ ਸਾਰੇ ਮੈਚ ਖੇਡਦਾ ਤਾਂ ਉਸ ਦੀ ਟੀਮ ਦਾ ਦਰਜਾ ਹੋਰ ਵੀ ਉੱਚਾ ਹੁੰਦਾ। ਜਿਕਰਯੋਗ ਹੈ ਕਿ ਭਾਰਤ ਵਿੱਚ ਨਾਰਥ, ਸਾਊਥ ਆਦਿ ਜ਼ੋਹਨ ਹਨ ਉਸ ਤਰ੍ਹਾਂ ਉਥੇ ਇਕ ਫਾਲਜ਼ ਜ਼ੋਨ ਹੁੰਦਾ ਹੈ। ਸੰਦੀਪ ਨੂੰ ਇਸੀ ਜ਼ੋਨ ਦਾ ਸਾਲ ਦਾ ਬੈਸਟ ਖਿਡਾਰੀ ਚੁਣਿਆ ਗਿਆ ਹੈ। ਸੰਦੀਪ ਸਿੰਘ ਨੇ ਕਿਹਾ ਕਿ, ‘ਜਰਮਨ ਲੀਗ ਵਿੱਚ ਬੈਸਟ ਪਲੇਅਰ ਚੁਣਿਆ ਜਾਣਾ ਆਪਣੇ ਆਪ ਵਿੱਚ ਵੱਡੀ ਗੱਲ ਹੈ, ਇਸ ਨੇ ਵਿਦੇਸ਼ਾਂ ਵਿੱਚ ਮੇਰੀ ਪਛਾਣ ਬਣਾਈ ਹੈ।’


 
Home | Main news | Contact us
All rights reserved with KUKSAMACHAR